Amritsar

ਨਾਟਕਕਾਰ ਗੁਰਸ਼ਰਨ ਸਿੰਘ ਦੇ 95ਵੇਂ ਜਨਮ ਦਿਵਸ ਮੌਕੇ ਵਿਰਸਾ ਵਿਹਾਰ ’ਚ ਹੋਇਆ ਸੈਮੀਨਾਰ ਅਤੇ ਨਾਟਕ ਸਮਾਗਮ

ਅੰਮ੍ਰਿਤਸਰ, 16 ਸਤੰਬਰ 2024 : ਭਾਅ ਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਅਤੇ ਮੰਚ–ਰੰਗਮੰਚ ਅੰਮ੍ਰਿਤਸਰ ਵੱਲੋਂ ਪ੍ਰਸਿੱਧ ਲੋਕ ਪੱਖੀ ਇਨਕਲਾਬੀ ਨਾਟਕਕਾਰ ਅਤੇ ਸਮਾਜਿਕ ਚਿੰਤਕ ਭਾਅ ਜੀ ਗੁਰਸ਼ਰਨ ਸਿੰਘ ਦੇ 95ਵੇਂ ਜਨਮ ਦਿਨ ਦੇ ਮੌਕੇ ਸਥਾਨਕ ਵਿਰਸਾ ਵਿਹਾਰ ਵਿਖੇ ‘ਲੋਕ ਪੱਖੀ ਰੰਗਮੰਚ ਦੀ ਵਿਰਾਸਤ’ ਵਿਸ਼ੇ ’ਤੇ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਲੋਕ ਪੱਖੀ ਨਾਟਕਕਾਰ ਅਤੇ ਬੁੱਧੀਜੀਵੀ ਡਾ. ਸਵਰਾਜਬੀਰ ਨੇ ਗੁਰਸ਼ਰਨ ਭਾਅ ਜੀ ਵੱਲੋਂ ਇਨਕਲਾਬੀ ਰੰਗਮੰਚ ਦੇ ਖੇਤਰ ਵਿੱਚ ਪਾਏ ਅਮੁੱਲੇ ਯੋਗਦਾਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।

ਸਭ ਤੋਂ ਪਹਿਲਾ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਬੜੇ ਹੀ ਭਾਵੁਕ ਅੰਦਾਜ਼ ਵਿੱਚ ਭਾਅ ਜੀ ਗੁਰਸ਼ਰਨ ਸਿੰਘ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਕਿਵੇਂ ਉਹ ਭਾਅ ਜੀ ਦੇ ਕੰਮ ਕਰਨ ਦੇ ਤਰੀਕੇ ਨਾਲ ਪ੍ਰਭਾਵਿਤ ਹੋਏ ਅਤੇ ਰੰਗਮੰਚ ਦੇ ਖੇਤਰ ਨਾਲ ਜੁੜ ਗਏ। ਉਨ੍ਹਾਂ ਪਿੰਡ–ਪਿੰਡ ਸ਼ਹਿਰ–ਸ਼ਹਿਰ ਜਾ ਕੇ ਇਨਕਲਾਬੀ ਲਹਿਰ ਦਾ ਪਰਚਮ ਲਹਿਰਾਇਆ ਅਤੇ ਲੋਕਾਂ ਤੱਕ ਆਪਣੀ ਆਵਾਜ਼ ਪੰਹੁਚਾਈ। ਸਭ ਨੂੰ ਜੀ ਆਇਆ ਆਖਦਿਆਂ ਡਾ. ਪਰਮਿੰਦਰ ਸਿੰਘ ਤੇ ਅਮੋਲਕ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰਾਂ ਦੀ ਲੋਅ ਨਵੀਂ ਪਨੀਰੀ ਲਈ ਇਨਕਲਾਬੀ ਲੋਰੀ ਵਾਂਗ ਹੈ।


ਸੈਮੀਨਾਰ ਦੇੇ ਮੁੱਖ ਵਕਤਾ ਡਾ. ਸਵਰਾਜਬੀਰ ਨੇ ਕਿਹਾ ਕਿ  ਸਾਡੇ ਕੋਲ ਭਾਅ ਜੀ ਗੁਰਸ਼ਰਨ ਸਿੰਘ ਦੇ ਰੂਪ ਵਿੱਚ ਸਾਹਿਤ ਤੇ ਲੋਕ ਪੱਖੀ ਰੰਗਮੰਚ ਦੀ ਬਹੁਤ ਵੱਡੀ ਵਿਰਾਸਤ ਹੈ। ਉਨ੍ਹਾਂ ਨੇ ਪੰਜਾਬੀ ਰੰਗਮੰਚ ਨੂੰ ਇਪਟਾ ਦੀ ਵਿਰਾਸਤ ਨੂੰ ਹੋਰ ਅੱਗੇ ਲਿਜਾਂਦੇ ਹੋਏ ਸ਼ਹਿਰਾਂ ਦੀਆਂ ਤੰਗ ਵਲਗਣਾ ਵਿਚੋਂ ਕਢ ਕੇ ਪਿੰਡਾ ਕਸਬਿਆਂ ਦੀਆਂ ਸੱਥਾ ਤੱਕ ਪੰਹੁਚਾਇਆ। ਭਾਅ ਜੀ ਨੇ ਆਪਣੇ ਰੰਗਮੰਚ ਨੂੰ ਆਮ ਲੋਕਾਂ ਵਿੱਚ ਸਮਾਜਿਕ ਤੇ ਰਾਜਸੀ ਚੇਤਨਾ ਵਿਕਸਿਤ ਕਰਨ ਲਈ ਇਕ ਸਮਾਜਕ ਜਿੰਮੇਵਾਰੀ ਦੇ ਤੌਰ ’ਤੇ ਵਰਤਣ ਦੀ ਸਫ਼ਲ ਪਹਿਲ ਕਦਮੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਸਿਰਫ਼ ਰੰਗਮੰਚ ਦੇ ਪੱਧਰ ਤੇ ਹੀ ਨਹੀਂ ਬਲਕਿ ਸਮੂਹ ਲੋਕ ਪੱਖੀ ਜਨਤਕ ਤੇ ਜਮਹੂਰੀ ਸੰਘਰਸ਼ਾਂ ਦਾ ਹਿੱਸਾ ਬਣਕੇ ਲੋਕ ਵਿਰੋਧੀ ਪ੍ਰਬੰਧ ਨੂੰ ਬਦਲਣਾ ਚਾਹੀਦਾ ਹੈ।

ਇਸ ਮੌਕੇ ਡਾ: ਨਵਸ਼ਰਨ, ਡਾ ਅਰੀਤ, ਡਾ: ਹਿਰਦੇਪਾਲ ਸਿੰਘ, ਸ਼ਬਦੀਸ਼, ਅਨੀਤਾ ਸ਼ਬਦੀਸ਼, ਇਕੱਤਰ, ਸੁਮੀਤ ਸਿੰਘ, ਰਮੇਸ਼ ਯਾਦਵ, ਮਾਸਟਰ ਕੁਲਜੀਤ ਸਿੰਘ ਵੇਰਕਾ, ਮਾਸਟਰ ਅਮਰਜੀਤ, ਹਰਿੰਦਰ ਸੋਹਲ, ਗੁਰਤੇਜ ਮਾਨ, ਗੁਰਬਚਨ ਸਿੰਘ, ਪਰਮਿੰਦਰ ਪੰਡੋਰੀ, ਲਖਵਿੰਦਰ ਮੰਜੇਆਵਾਲੀ, ਹਰਮੇਸ਼ ਮਾਲੜੀ, ਡਾ. ਤੇਜਬੀਰ ਸਿੰਘ, ਧੰਨਵਤ ਸਿੰਘ ਖ਼ਤਰਾਏ ਕਲਾ, ਡਾ. ਸਤਿੰਦਰ ਢਿਲੋਂ, ਪ੍ਰੋ. ਅਮਰਜੀਤ ਸਿੱਧੂ, ਸਰਦਾਰਾ ਸਿੰਘ ਚੀਮਾ, ਮੋਹਨ ਸਿੰਘ ਬੱਲ, ਬਲਦੇਵ ਰਾਜ ਵੇਰਕਾ, ਜਸਪਾਲ ਬਾਸਰਕੇ, ਡਾ. ਕਸ਼ਮੀਰ ਸਿੰਘ ਸਮੇਤ ਹੋਰ ਕਲਾਕਾਰ, ਸਾਹਿਤਕਾਰ, ਸਾਹਿਤ ਤੇ ਨਾਟ ਪੇ੍ਰਮੀ, ਕਿਸਾਨ ਜੱਥੇਬੰਦੀਆਂ ਦੇ ਆਗੂ ਹਾਜਰ ਸਨ।

‘ਜਿਸ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਨਹੀਂ ’ ਦਾ ਮੰਚਨ :
ਸਮਾਗਮ ਦੇ ਦੂਜੇ ਪੜਾਅ ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਵਿੱਚ ਮੰਚ ਰੰਗਮੰਚ ਅੰਮ੍ਰਿਤਸਰ ਦੇ ਕਲਾਕਾਰਾਂ ਵਲੋਂ ‘ ਜਿਸ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਨਹੀਂ ’ ਨਾਟਕ ਦਾ ਸ਼ਾਨਦਾਰ ਮੰਚਨ ਕੀਤਾ ਗਿਆ। ਇਸ ਨਾਟਕ ਵਿਚ ਸੰਨ੍ਹ 47 ਦੀ ਦੇਸ਼ ਵੰਡ ਵੇਲੇ ਭਾਰਤ ਤੋਂ ਉੱਜੜ ਕੇ ਲਾਹੌਰ ਜਾ ਵਸੇ ਇੱਕ ਮੁਸਮਿਲ ਪਰਿਵਾਰ ਅਤੇ ਵੰਡ ਤੋਂ ਬਾਅਦ ਵੀ ਆਪਣੀ ਲਾਹੌਰ ਵਿਚਲੀ ਹਵੇਲੀ ਵਿਚ ਇਕੱਲੀ ਰਹਿ ਰਹੀ ਇੱਕ ਹਿੰਦੂ ਔਰਤ ਦੇ ਜ਼ਜ਼ਬਾਤਾਂ ਦੀ ਦਰਦਨਾਕ ਕਹਾਣੀ ਨੂੰ ਦਿਲਟੁੰਬਵੇਂਂ ਅੰਦਾਜ਼ ਵਿਚ ਪੇਸ਼ ਕੀਤਾ ਗਿਆ। ਨਾਟਕ ਨੇ ਦਰਸ਼ਕਾਂ ਨੂੰ ਇੱਕ ਤਰਾਂ ਝੰਜੋੜ ਦੇ ਰੱਖ ਦਿੱਤਾ।


ਕੇਵਲ ਧਾਲੀਵਾਲ, ਡੌਲੀ ਸੱਡਲ, ਵੀਰਪਾਲ ਕੌਰ, ਸਾਜਨ ਕੋਹੀਨੂਰ, ਯੁਵੀ ਨਾਇਕ, ਰਾਹੁਲ, ਜਸਵੰਤ, ਗੁਰਵਿੰਦਰ, ਨਿਕਿਤਾ, ਸ਼ਿਵਮ, ਅਭਿਸ਼ੇਕ ਤੇ ਹੋਰਨਾਂ ਕਲਾਕਾਰਾਂ ਦੀ ਸ਼ਾਨਦਾਰ ਅਦਾਕਾਰੀ ਦੇ ਨਾਲ ਨਾਲ ਗੀਤ ਸੰਗੀਤ ਨੇ ਵੀ ਅਹਿਮ ਯੋਗਦਾਨ ਪਾਇਆ। ਇਸ ਉਪਰੰਤ ਗੁਰਸ਼ਰਨ ਭਾਅ ਜੀ ਦੇ ਰਣਜੀਤਪੁਰਾ ਵਿਖੇ ਸਥਿਤ ਜੱਦੀ ਘਰ ਗੁਰੂ ਖਾਲਸਾ ਨਿਵਾਸ ਵਿਖੇ ਮੋਮਬੱਤੀਆਂ ਜਗਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page