ਪੰਜਾਬੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸੈਮੀਨਾਰ ਤੇ ਸਨਮਾਨ ਸਮਾਗਮ


ਅੰਮ੍ਰਿਤਸਰ, 19 ਫ਼ਰਵਰੀ ( ( ਹਰਪਾਲ ਲਾਡਾ ): ਅੰਤਰਰਾਸ਼ਟਰੀ ਪੰਜਾਬੀ ਮਾਂ–ਬੋਲੀ ਦਿਵਸ ਦੇ ਸਬੰਧ ਵਿੱਚ ਪੰਜਾਬ ਨਾਟਸ਼ਾਲ ਦੇ ਸੰਸਥਾਪਕ ਸ਼੍ਰੋਮਣੀ ਨਾਟਕਕਾਰ ਸ੍ਰੀ ਜਤਿੰਦਰ ਬਰਾੜ ਨੂੰ ਸਮਰਪਿਤ ਸਮਾਗਮ ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਵੱਲੋਂ ਸਰੂਪ ਰਾਣੀ ਸਰਕਾਰੀ ਕਾਲਜ਼ (ਇ) ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਕਾਲਜ ਦੇ ਆਡੀਟੋਰੀਅਮ ’ਚ ਆਯੋਜਿਤ ਕੀਤਾ ਗਿਆ।
ਜਿਸ ਵਿੱਚ ਬਹੁਤ ਸਾਰੇ ਸਾਹਿਤਕਾਰਾਂ, ਲੇਖਕਾਂ, ਅਧਿਆਪਕਾਂ, ਵਿਦਿਆਰਥੀਆਂ ਤੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ (ਪਟਿਆਲਾ) ਨੇ ਕਿਹਾ ਕਿ ਇਸ ਵੇਲੇ ਦੁਨੀਆ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਉਪਰ ਵਿਸ਼ਵ ਬਜ਼ਾਰ ਤੇ ਕਬਜ਼ੇ ਦੀ ਭਾਵਨਾ ਹਿੱਤ ਕੁਝ ਵਿਸ਼ੇਸ਼ ਭਾਸ਼ਾਵਾਂ ਦਾ ਦਬਾਅ ਹੈ।

ਜਿਸ ਕਾਰਨ ਇਕ ਭਾਸ਼ਾ ਨੂੰ ਬੋਲਣ ਵਾਲੇ ਲੋਕ ਦੂਜੀ ਭਾਸ਼ਾ ਵਿੱਚ ਪ੍ਰਵਾਸ ਕਰ ਰਹੇ ਹਨ। ਜਦੋਂ ਕਿਸੇ ਭਾਸ਼ਾ ਨੂੰ ਬੋਲਣ ਵਾਲੇ ਆਪਣੀ ਭਾਸ਼ਾ ਪ੍ਰਤੀ ਹੀਣਤਾ ਮਹਿਸੂਸ ਕਰਨ ਲਗ ਪੈਣ ਤਾਂ ਉਹ ਭਾਸ਼ਾ ਮਰਨਾ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਰ ਭਾਸ਼ਾ ਦੇ ਗੀਤ ਆਪਣੇ ਖਿਤੇ ਦੇ ਸਭਿਆਚਾਰ ਦੀ ਨੁਮਾਇੰਦਗੀ ਕਰਦੇ ਹਨ, ਇਸ ਕਰਕੇ ਪੰਜਾਬ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਅਗ੍ਰੇਜ਼ੀ ਰਾਈਮ ਦੀ ਥਾਂ ਤੇ ਸਾਡੀ ਧਰਤੀ ਦੇ ਬਾਲ ਗੀਤ ਤਿਆਰ ਕਰਵਾਏ ਜਾਣੇ ਚਾਹੀਦੇ ਹਨ ਅਤੇ ਪਹਿਲੀ ਤੋਂ ਉਚੇਰੀ ਜਮਾਤ ਤੱਕ ਦਾ ਮਧਿਅਮ ਪੰਜਾਬੀ ਹੀ ਹੋਣਾ ਚਾਹੀਦਾ ਹੈ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਸ਼ਾਇਰ ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਗਿਆਨ ਅਤੇ ਕਲਪਨਾ ਦਾ ਵਿਸਥਾਰ ਸਿਰਫ਼ ਆਪਣੀ ਭਾਸ਼ਾ ਵਿੱਚ ਹੀ ਹੋ ਸਕਦਾ ਹੈ। ਦੂਜੀ ਭਾਸ਼ਾ ਦਿਮਾਗ ਵਿਚੋਂ ਪੈਦਾ ਹੁੰਦੀ ਹੈ ਪਰ ਆਪਣੀ ਮਾਂ–ਬੋਲੀ ਦਿਲ ਦੀ ਜ਼ੁਬਾਨ ਹੁੰਦੀ ਹੈ। ਉਹਨਾਂ ਕਿਹਾ ਕਿ ਮਨੁੱਖ ਦੇ ਜ਼ਜਬੇ ਸਿਰਫ਼ ਤੇ ਸਿਰਫ਼ ਆਪਣੀ ਮਾਂ–ਬੋਲੀ ਵਿੱਚ ਹੀ ਪ੍ਰਗਟਾਏ ਜਾ ਸਕਦੇ ਹਨ। ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਆਏ ਹੋਏ ਮਹਿਮਾਨਾਂ, ਅਧਿਆਪਕਾਂ, ਸ਼ਾਇਰਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦਿਆਂ ਕਿਹਾ ਕਿ ਇਹ ਸੰਸਥਾ ਹਮੇਸ਼ਾਂ ਪੰਜਾਬੀ ਭਾਈਚਾਰੇ ਦੀ ਆਪਸੀ ਸਹਿਮਤੀ, ਉਸਾਰੂ ਸਭਿਆਚਾਰ ਤੇ ਲੋਕ ਸਾਹਿਤ ਦੀ ਨੁਮਾਇੰਦਗੀ ਲਈ ਯਤਨਸ਼ੀਲ ਹੈ।

ਸਮਾਗਮ ਦੇ ਦੂਸਰੇ ਸੈਸ਼ਨ ਵਿੱਚ ਪੰਜਾਬੀ ਨੂੰ ਪ੍ਰਫ਼ੂਲਤ ਕਰਨ ਵਾਲੇ ਪੰਜ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਸ ਵਿੱਚ ਜਸਵਿੰਦਰ ਸਿੰਘ ਝਬਾਲ, ਜਗਰੂਪ ਕੌਰ ਭਗਤਾਂਵਾਲਾ, ਜਗਜੀਤ ਕੌਰ ਬਹੋੜੂ, ਮਨਪ੍ਰੀਤ ਕੌਰ ਝੰਜੋਟੀ ਅਤੇ ਇੰਦਰਜੀਤ ਸਿੰਘ ਸ਼ਾਮਲ ਹਨ। ਇਸ ਮੌਕੇ ਸ਼ਾਇਰ ਸੁਖਬੀਰ ਸਿੰਘ ਭੁੱਲਰ ਦੀ ਨਵ ਪ੍ਰਕਾਸ਼ਤ ਕਾਵਿ ਪੁਸਤਕ ‘ਹਵਾਂ ਵਿੱਚ ਲਟਕਦੇ ਪਲ’, ਸ਼ਾਇਰਾ ਕਮਲ ਗਿੱਲ ਦੀ ਸੰਪਾਦਿਤ ਪੁਸਤਕ ‘ਕਾਲ–ਕੋਠੜੀ ਤੇ ਹੋਰ ਕਹਾਣੀਆਂ’ ਅਤੇ ਤ੍ਰੈ–ਮਾਸਿਕ ਮੈਗਜ਼ੀਨ ‘ਅਨੁਤਾਸ਼’ ਦਾ ਲੋਕ ਅਰਪਣ ਕੀਤਾ ਗਿਆ।

ਵਾਇਸ ਪ੍ਰਿੰਸੀਪਲ ਡਾ. ਸੁਨੀਲਾ ਸ਼ਰਮਾ, ਪੰਜਾਬੀ ਵਿਭਾਗ ਦੀ ਮੁਖੀ ਪ੍ਰੋ. ਸਰਘੀ, ਡਾ. ਪੂਜਾ, ਭੂਪਿੰਦਰ ਸਿੰਘ ਸੰਧੂ, ਡਾ. ਹਰਜੀਤ ਕੌਰ, ਡਾ. ਰਣਜੀਤ, ਡਾ. ਪਰਮਜੀਤ, ਕਰਮਜੀਤ ਕੌਰ ਜੱਸਲ, ਗੁਰਜਿੰਦਰ ਬਘਿਆੜੀ, ਹਰਜੀਤ ਸਰਕਾਰੀਆ, ਦਿਲਬਾਗ ਸਿੰਘ ਸਰਕਾਰੀਆ, ਜਸਵੰਤ ਸਿੰਘ ਰੰਧਾਵਾ, ਹਰੀਸ਼ ਸਾਬਰੀ, ਜਗਰੂਪ ਐਮਾ ਤੋਂ ਇਲਾਵਾਂ ਸ਼ਾਇਰ ਰਾਜਬੀਰ ਗਰੇਵਾਲ, ਐਸ. ਪ੍ਰਸ਼ੋਤਮ, ਬਲਵਿੰਦਰ ਪੰਧੇਰ, ਨਿਰਮਲ ਕੋਟਲਾ, ਸਿਮਰਨ ਗਿੱਲ, ਸਤਿੰਦਰਜੀਤ ਕੌਰ, ਕਵਲਪ੍ਰੀਤ ਥਿੰਦ, ਹਰਮੀਤ ਆਰਟਿਸਟ, ਨਵਜੋਤ ਭੁੱਲਰ, ਵਿਦਿਆਰਥਣ ਜਸਪਾਲ ਕੌਰ, ਹਰਸ਼ਰਨ ਕੌਰ, ਕਸ਼ਿਸ਼, ਜਸ਼ਨਪ੍ਰੀਤ ਕੌਰ ਆਦਿ ਨੇ ਆਪੋ ਆਪਣੀ ਰਚਨਾ ਪੇਸ਼ ਕੀਤੀ। ਸਭ ਦਾ ਧੰਨਵਾਦ ਲਾਇਬ੍ਰੇਰੀਅਨ ਡਾ. ਪ੍ਰਭਜੋਤ ਕੌਰ ਨੇ ਕੀਤਾ।



