ਕੁਸ਼ਟ ਰੋਗ ਕੋਈ ਪੁਰਾਣੇ ਪਾਪਾਂ ਦਾ ਫਲ ਜਾਂ ਸਰਾਪ ਨਹੀਂ ਹੈ: ਡਾ.ਸੌਰਵ ਸ਼ਰਮਾ

ਰਾਸ਼ਟਰਪਿਤਾ ਮਹਾਤਮਾ ਗਾਂਧੀ ਬਲੀਦਾਨ ਦਿਵਸ ਤੇ ਵਰਲਡ ਲੇਪ੍ਰੋਸੀ ਇਰੈਡੀਕੇਸ਼ਨ ਡੇ ਮੌਕੇ ਸਿਵਲ ਸਰਜਨ ਡਾ.ਪ੍ਰੀਤ ਮੋਹਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਅੱਜ ਹੁਸ਼ਿਆਰਪੁਰ ਦੇ ਕੁਸ਼ਟ ਆਸ਼ਰਮ ਵਿਖੇ ਕੁਸ਼ਟ ਰੋਗ ਸੰਬਧੀ ਜਾਗਰੁਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ।
ਇਸ ਮੌਕੇ ਜਿਲਾ ਲੈਪਰੋਸੀ ਅਫਸਰ (ਐਨ.ਐਲ.ਈ.ਪੀ.) ਡਾ. ਸੋਰਭ ਸ਼ਰਮਾ ਨੇ ਕੁਸ਼ਟ ਰੋਗ ਸੰਬਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਸ਼ਟ ਰੋਗ ਕੋਈ ਪੁਰਾਣੇ ਪਾਪਾਂ ਦਾ ਫਲ ਜਾਂ ਸਰਾਪ ਨਹੀਂ ਹੈ, ਇਹ ਆਮ ਰੋਗਾਂ ਦੀ ਤਰ੍ਹਾਂ ਇੱਕ ਰੋਗ ਹੈ। ਇਸ ਰੋਗ ਦਾ ਸਮੇਂ ਸਿਰ ਇਲਾਜ ਕਰਵਾਉਣ ਨਾਲ ਰੋਗ ਤੋਂ ਹੋਣ ਵਾਲੀ ਅਪੰਗਤਾ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਜਿਵੇਂ ਕਿ ਚਮੜੀ ਉੱਤੇ ਹੱਲਕੇ, ਫਿੱਕੇ, ਬਦਰੰਗ, ਤਾਂਬੇ ਰੰਗ ਦਾਗ਼, ਗਰਮ ਠੰਡੇ ਦਾ ਪਤਾ ਨਾ ਲੱਗਣਾ, ਨਸਾਂ ਵਿੱਚ ਦਰਦ ਹੋਣਾ, ਕੰਨਾਂ ਦੇ ਪਿੱਛੇ ਅਤੇ ਮੂੰਹ ਤੇ ਗੱਠਾਂ ਬਣ ਜਾਣੀਆਂ, ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਟੇਢੀਆਂ ਹੋ ਜਾਣੀਆਂ, ਅੱਖਾਂ ਦਾ ਬੰਦ ਨਾ ਹੋਣਾ ਆਦਿ ਕੁਸ਼ਟ ਰੋਗ ਦੇ ਲੱਛਣ ਹਨ । ਇਸ ਬਿਮਾਰੀ ਦੀ ਦਵਾਈ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿੱਚ ਮੁਫਤ ਦਿੱਤੀ ਜਾਂਦੀ ਹੈ । ਡਾ. ਸੋਰਭ ਸ਼ਰਮਾ ਨੇ ਕੁਸ਼ਟ ਆਸ਼ਰਮ ਦੇ ਬਾਸ਼ਿੰਦਿਆਂ ਦੀਆਂ ਮੁਸ਼ਕਿਲਾਂ ਬਾਰੇ ਸੁਣਿਆ ਤੇ ਉਹਨਾਂ ਨੂੰ ਜਲਦੀ ਹੱਲ ਕਰਨ ਬਾਰੇ ਕਿਹਾ ਗਿਆ ਅਤੇ ਉਹਨਾਂ ਨੂੰ ਫਲ ਫਰੂਟ ਤਕਸੀਮ ਕੀਤੇ ਗਏ । ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਸ੍ਰੀ ਪ੍ਰਸ਼ੋਤਮ ਲਾਲ , ਡਿਪਟੀ ਮਾਸ ਮੀਡੀਆ ਅਫਸਰ ਤ੍ਰਿਪਤਾ ਦੇਵੀ , ਜਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਅਮਨਦੀਪ ਸਿੰਘ ਹਾਜ਼ਰ ਸਨ ।


For Advertising Contact us @ 8288842714
