ਰਾਸ਼ਟਰੀ ਰੰਗਮੰਚ ਉਤਸਵ ਦੇ ਦੂਜੇ ਦਿਨ ਨਾਟਕ ‘ਮਾਹੀ ਮੇਰਾ ਥਾਣੇਦਾਰ’ ਕੀਤਾ ਗਿਆ ਪੇਸ਼

ਅੰਮ੍ਰਿਤਸਰ, 16 ਮਾਰਚ ( ਹਰਪਾਲ ਲਾਡਾ ): ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਵਿਸ਼ਵ ਪ੍ਰਸਿੱਧ ਨਾਟ ਸੰਸਥਾ ਮੰਚ–ਰੰਗਮੰਚ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 25 ਵੇਂ 10 ਦਿਨਾਂ ਰਾਸ਼ਟਰੀ ਰੰਗਮੰਚ ਉਤਸਵ ਦੇ ਦੂਜੇ ਦਿਨ ਵਸੰਤ ਸਬਨੀਸ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਮਾਹੀ ਮੇਰਾ ਥਾਣੇਦਾਰ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
ਇਹ ਨਾਟਕ ਪ੍ਰਸਿੱਧ ਮਰਾਠੀ ਲੋਕ ਨਾਟਕ ‘ਸਈਆਂ ਭਏ ਕੋਤਵਾਲ’ ਦਾ ਰੂਪਾਂਤਰਨ ਹੈ, ਜੋ ਕਿ ਵਸੰਤ ਸਬਨੀਸ ਦੁਆਰਾ ਲਿਖਿਆ ਗਿਆ ਹੈ। ਇਹ ਨਾਟਕ ਪੇਂਡੂ ਲੋਕ ਨਾਟ ਪਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਸ਼ਹਿਰੀ ਦਰਸ਼ਕਾਂ ਲਈ ਤਿਆਰ ਕੀਤਾ ਗਿਆ ਹੈ। ਨਾਟਕ ਦੀ ਕਹਾਣੀ ਇੱਕ ਰਾਜੇ ਅਤੇ ਉਸ ਦੇ ਚਾਲਬਾਜ਼ ਪ੍ਰਧਾਨ ਦੀ ਹੈ। ਰਾਜ ਦੇ ਮੁੱਖ ਥਾਣੇਦਾਰ ਦੀ ਮੌਤ ਤੋਂ ਬਾਅਦ ਰਾਜੇ ਦਾ ਚਲਾਕ ਪ੍ਰਧਾਨ ਆਪਣੇ ਸਾਲੇ ਨੂੰ ਥਾਣੇਦਾਰ ਦੇ ਆਹੁਦੇ ਤੇ ਲਗਾ ਦਿੰਦਾ ਹੈ। ਜੋ ਕਿ ਅਨਪੜ੍ਹ ਗਵਾਰ ਅਤੇ ਲੂਲਾ ਲੰਗੜਾ ਹੈ।


ਜਦੋਂ ਕਿ ਇਸ ਅਹੁਦੇ ਦੇ ਯੋਗਤਾ ਮੁਤਾਬਿਕ ਹਵਲਦਾਰ ਦੀ ਤਰੱਕੀ ਦੀ ਵਾਰੀ ਹੈ। ਪਰ ਭਾਈ ਭਤੀਜਾਵਾਦ ਅਤੇ ਰਿਸ਼ਵਤਖੋਰੀ ਦੇ ਯੁੱਗ ਵਿੱਚ ਹਵਲਦਾਰ ਨੂੰ ਪਿਛੇ ਧਕ ਕੇ ਪ੍ਰਧਾਨ ਦਾ ਅਨਪੜ੍ਹ ਸਾਲਾ ਥਾਣੇਦਾਰ ਦੇ ਅਹੁਦੇ ਤੇ ਪਹੁੰਚ ਜਾਂਦਾ ਹੈ। ਪਰ ਹਵਲਦਾਰ ਆਪਣੀ ਪ੍ਰੇਮੀਕਾ ਮੈਨਾਵਤੀ ਨਾਲ ਮਿਲ ਕੇ ਥਾਣੇਦਾਰ ਦੀਆਂ ਬੇਈਮਾਨੀਆਂ ਤੇ ਰਿਸ਼ਵਤਖੋਰੀ ਅਤੇ ਰਾਜੇ ਦੇ ਸਮਾਨ ਦੀ ਚੋਰੀ ਦਾ ਪਤਾ ਲਗਾਉਂਦਾ ਹੈ ਤੇ ਅਨਪੜ ਵਾਰ ਥਾਣੇਦਾਰ ਨੂੰ ਸਜ਼ਾ ਮਿਲਦੀ ਹੈ।

ਰਾਜਾ ਖੁਸ਼ੀ ਵਿੱਚ ਯੋਗ ਹਵਲਦਾਰ ਨੂੰ ਥਾਣੇਦਾਰ ਬਣਾ ਦਿੰਦਾ ਹੈ। ਇਸ ਨਾਟਕ ਦੇ ਪਾਤਰ ਗੁਰਤੇਜ ਮਾਨ, ਇਮੈਨੁਅਲ ਸਿੰਘ, ਵੀਰਪਾਲ ਕੌਰ, ਸਾਜਨ ਕੋਹਿਨੂਰ, ਨਿਸ਼ਾਨ ਸਿੰਘ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ। ਨਾਟਕ ਦਾ ਗੀਤ ਅਤੇ ਸੰਗੀਤ ਕੁਸ਼ਾਗਰ ਕਾਲੀਆ,ਹਰਸ਼ਿਤਾ ਅਤੇ ਸਤਨਾਮ ਸਿੰਘ ਵਲੋਂ ਦਿੱਤਾ ਗਿਆ। ਰੌਸ਼ਨੀ ਪ੍ਰਭਾਵ ਯੁਵਨੀਸ਼ ਨਾਇਕ ਵਲੋਂ ਦਿੱਤਾ ਗਿਆ। ਇਸ ਮੌਕੇ ਭੂਪਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਟੀ. ਐੱਸ ਰਾਜਾ, ਸੁਮਿਤ ਸਿੰਘ ਆਦਿ ਸਮੇਤ ਨਾਟ ਪ੍ਰੇਮੀ ਹਾਜ਼ਰ ਸਨ।