ਨਵਾਂਸ਼ਹਿਰ ਨੂੰ ਡੰਪ ਲਈ ਮਿਲੇਗੀ ਨਵੀਂ ਥਾਂ, ਰੇਲਵੇ ਰੋਡ ਵੀ ਜਲਦ ਬਣੇਗੀ: ਡਾ. ਰਵਜੋਤ ਸਿੰਘ

ਸ਼ਹੀਦ ਭਗਤ ਸਿੰਘ ਨਗਰ, 13 ਮਈ ( ਹਰਪਾਲ ਲਾਡਾ ): ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਮੰਗਲਵਾਰ ਨੂੰ ਸ਼ਹਿਰ ਵਿੱਚ ਮੌਜੂਦਾ ਕੂੜੇ ਦੇ ਡੰਪ ਵਾਲੀ ਥਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਖੁੱਲ੍ਹੀ ਅਤੇ ਢੁਕਵੀਂ ਜਗ੍ਹਾ ਦੀ ਸ਼ਨਾਖਤ ਕਰਕੇ ਡੰਪ ਬਣਾਇਆ ਜਾਵੇਗਾ।
ਰੇਲਵੇ ਰੋਡ ‘ਤੇ ਵਿਛਾਈਆਂ ਜਾ ਰਹੀਆਂ ਪਾਣੀ ਦੀਆਂ ਪਾਈਪ ਲਾਈਨਾਂ ਦੇ ਕੰਮ ਦੀ ਸਮੀਖਿਆ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਰੇਲਵੇ ਰੋਡ ਜਲਦੀ ਹੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸੜਕ ਸੀਮਿੰਟ ਵਾਲੀ ਸੜਕ ਹੋਵੇਗੀ ਜੋ ਵਸਨੀਕਾਂ ਲਈ ਵੱਡੀ ਸਹੂਲਤ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪਾਣੀ ਦੀਆਂ ਪਾਈਪਲਾਈਨਾਂ ਦਾ ਕੰਮ ਪੂਰਾ ਹੋਣ ਤੋਂ ਤੁਰੰਤ ਬਾਅਦ ਸੀਮੈਂਟ ਵਾਲੀ ਸੜਕ ਵਿਛਾਉਣ ਦਾ ਕੰਮ ਸ਼ੁਰੂ ਕਰਨ ਲਈ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਦਿੱਤੀਆਂ ਜਾ ਰਹੀਆਂ ਹਨ।


ਸੀਵਰੇਜ ਅਤੇ ਐਸ.ਟੀ.ਪੀ. ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦੇ ਹੋਏ, ਡਾ. ਰਵਜੋਤ ਸਿੰਘ ਨੇ ਕਿਹਾ ਕਿ ਪ੍ਰਸਤਾਵਿਤ ਯੋਜਨਾ ਵਿੱਚ ਨਵੇਂ ਖੇਤਰਾਂ ਅਤੇ ਨਵੀਆਂ ਕਲੋਨੀਆਂ ਨੂੰ ਵੀ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲਗਭਗ 48 ਕਰੋੜ ਰੁਪਏ ਦੀ ਲਾਗਤ ਨਾਲ ਇਹ ਸਾਰਾ ਪ੍ਰੋਜੈਕਟ ਮੁਕੰਮਲ ਹੋਵੇਗਾ ਅਤੇ ਪੰਜਾਬ ਸਰਕਾਰ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਨਵਾਂ ਸ਼ਹਿਰ ਸ਼ਹਿਰ ਵਾਸੀਆਂ ਲਈ ਬਹੁਤ ਲਾਭਦਾਇਕ ਹੋਵੇਗਾ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਉਪ ਚੇਅਰਮੈਨ ਲਲਿਤ ਮੋਹਨ ਪਾਠਕ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਆਦਿ ਵੀ ਮੌਜੂਦ ਸਨ।