
ਅੰਮ੍ਰਿਤਸਰ, 24 ਮਾਰਚ ( ਹਰਪਾਲ ਲਾਡਾ ): ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਵਿਸ਼ਵ ਪ੍ਰਸਿੱਧ ਨਾਟ ਸੰਸਥਾ ਮੰਚ–ਰੰਗਮੰਚ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 25 ਵਾਂ 10 ਦਿਨਾਂ ਰਾਸ਼ਟਰੀ ਰੰਗਮੰਚ ਉਤਸਵ ਦੇ ਆਖਰੀ ਅਤੇ 10 ਵੇਂ ਦਿਨ ਮੰਚ–ਰੰਗਮੰਚ ਅੰਮ੍ਰਿਤਸਰ ਟੀਮ ਵੱਲੋਂ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਪੰਜਾਬ ਵੇਂ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
ਨਾਟਕ ‘ਪੰਜਾਬ ਵੇ’ ਦੀ ਕਹਾਣੀ ਅੱਜ ਦੇ ਪੰਜਾਬ ਬਾਰੇ ਹੈ ਜੋ ਆਪਣੀ ਜਵਾਨੀ ਤੋਂ ਬਿਨਾਂ ਦਿਨੋਂ-ਦਿਨ ਬੰਜਰ ਹੁੰਦੀ ਜਾ ਰਹੀਂ ਹੈ। ਨੌਜਵਾਨ, ਪੰਜਾਬ ਦਾ ਭਵਿੱਖ ਜੋ ਬੇਰੁਜ਼ਗਾਰੀ, ਗਲਤ ਸਿੱਖਿਆ ਨੀਤੀਆਂ ਅਤੇ ਸਿੱਖਿਆ ਪ੍ਰਣਾਲੀਆਂ ਦੀ ਅਸਫ਼ਲਤਾ ਕਾਰਨ ਆਪਣੇ ਸੂਬੇ ’ਚ ਰਹਿਣ ਲਈ ਕੋਈ ਦਿਲਚਸਪੀ ਨਹੀਂ ਰੱਖਦਾ। ਉਹ ਕਿਸੇ ਵੀ ਤਰੀਕੇ ਨਾਲ ਵਿਦੇਸ਼ ਜਾਣ ਲਈ ਤੜਪ ਰਹੇ ਹਨ ਭਾਵੇਂ ਉਹ ਕਾਨੂੰਨੀ ਤਰੀਕੇ ਨਾਲ ਜਾਣ ਚਾਹੇ ਗੈਰ-ਕਾਨੂੰਨੀ ਤਰੀਕੇ ਨਾਲ। ਇੱਥੋਂ ਤੱਕ ਕਿ ਉਹ ਆਪਣੀ ਜਾਨ ਅਤੇ ਜ਼ਮੀਨ ਨੂੰ ਵੀ ਮੁਸ਼ਕਿਲ ਵਿੱਚ ਪਾਉਂਦੇ ਹਨ।


ਉਹ ਵਿਦੇਸ਼ੀ ਵੀਜ਼ਾ ਪ੍ਰਾਪਤ ਕਰਨ ਲਈ ਨੰਗੇ ਪੈਰ ਤਲਵਾਰਾਂ ਦੀ ਧਾਰ ’ਤੇ ਤੁਰ ਰਹੇ ਹਨ ਅਤੇ ਇਮੀਗ੍ਰੇਸ਼ਨ ਏਜੰਟਾਂ ਦਾ ਸ਼ਿਕਾਰ ਹੋ ਰਹੇ ਹਨ। ਆਪਣਾ ਮਾਨ-ਸਨਮਾਨ, ਪੈਸਾ ਅਤੇ ਪਰਿਵਾਰ ਗੁਆ ਰਹੇ ਹਨ। ਜਾਅਲੀ ਵਿਆਹ, ਵਿਦੇਸ਼ੀ ਸਿੱਖਿਆ ਜਾਂ ਗੈਰ-ਕਾਨੂੰਨੀ ਪ੍ਰਵੇਸ਼ ਵਿਦੇਸ਼ ਵਿੱਚ ਜਾਣ ਲਈ ਉਨ੍ਹਾਂ ਦੇ ਸਾਧਨ ਹਨ। ਵਿਦੇਸ਼ੀ ਧਰਤੀ ’ਤੇ ਜ਼ਿੰਦਗੀ ਜਿਊਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਇਸ ਸਾਰੇ ਮੁਸ਼ਕਿਲਾਂ ਦੇ ਨਾਲ ਪੰਜਾਬ ਦਿਨੋ-ਦਿਨ ਆਪਣੀ ਜਵਾਨੀ ਗੁਆ ਰਿਹਾ ਹੈ।

ਨਾਟਕ ‘ਪੰਜਾਬ ਵੇ’ ਇਸ ਨੰਗੇ ਸੱਚ ਦੇ ਹਨੇਰੇ ਪੱਖਾਂ ਨੂੰ ਉਜਾਗਰ ਕਰਦਾ ਹੈ ਅਤੇ ਨੌਜਵਾਨਾਂ ਨੂੰ ਆਪਣੇ ਸੂਬੇ ਵਿੱਚ ਰਹਿਣ ਦੀ ਅਪੀਲ ਕਰਦਾ ਹੈ। ਇਸ ਨਾਟਕ ਵਿੱਚ ਸਾਜਨ ਕੋਹਿਨੂਰ, ਯੁਵਨੀਸ਼ ਨਾਇਕ, ਰੋਬਿਨਪ੍ਰੀਤ, ਆਕਾਸ਼ਦੀਪ, ਸ਼ਿਵਮ, ਲਵਪ੍ਰੀਤ, ਅਭਿਸ਼ੇਕ ਐਰੀ, ਰਮਨ, ਸ਼ਾਕਸ਼ੀ ਰਾਠੌਰ, ਸ਼ਿਵਮ ਸਿੰਗਲਾ, ਵਿਪਨ, ਸਰਤਾਜ ਸਿੰਘ, ਕਰਨ, ਨਰੈਣ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ। ਨਾਟਕ ਦਾ ਗੀਤ–ਸੰਗੀਤ ਕੁਸ਼ਾਗਰ ਕਾਲੀਆ ਅਤੇ ਰੋਸ਼ਨੀ ਪ੍ਰਭਾਵ ਸੰਜੇ ਕੁਮਾਰ ਵੱਲੋ ਦਿੱਤਾ ਗਿਆ।
ਇਸ ਮੌਕੇ ਕੇਵਲ ਧਾਲੀਵਾਲ, ਕੁਲਬੀਰ ਸੂਰੀ, ਸੁਰਿੰਦਰ ਧੰਜਲ ਕੈਨੇਡਾ, ਡਾ. ਰਵਿੰਦਰ ਬਟਾਲਾ, ਹੀਰਾ ਸਿੰਘ ਰੰਧਾਵਾ, ਬਲਜੀਤ ਰੰਧਾਵਾ, ਡਾ. ਐਸ. ਪੀ. ਅਰੋੜਾ, ਭੂਪਿੰਦਰ ਸਿੰਘ ਸੰਧੂ, ਟੀ. ਐਸ. ਰਾਜਾ, ਗਾਇਕ ਹਰਿੰਦਰ ਸੋਹਲ,ਧਰਵਿੰਦਰ ਸਿੰਘ ਔਲਖ, ਸੁਮੀਤ ਸਿੰਘ, ਗੁਰਤੇਜ ਮਾਨ ਆਦਿ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਅਤੇ ਨਾਟ ਪ੍ਰੇਮੀ ਹਾਜ਼ਰ ਸਨ।