ਲਗਾਤਾਰ ਅਣਗੌਲੇ ਜਾ ਰਹੇ ਅਨਏਡੇਡ ਅਧਿਆਪਕ ਫ਼ਰੰਟ ਪੰਜਾਬ ਵਲੋਂ ਮਹਾਂ ਰੋਸ ਰੈਲੀ ਦਾ ਐਲਾਨ

ਹੁਸ਼ਿਆਰਪੁਰ ( ਹਰਪਾਲ ਲਾਡਾ ): ਅਨਏਡੇਡ ਅਧਿਆਪਕ ਫ਼ਰੰਟ ਪੰਜਾਬ ਦੇ ਸਟੇਟ ਬਾਡੀ ਅਤੇ ਜਿਲ੍ਹਾ ਇਕਾਈ ਦੇ ਪ੍ਰਧਾਨਾਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਸਰਕਾਰ ਵਲੋਂ ਲਗਾਤਾਰ ਯੂਨੀਅਨ ਦੇ ਸੰਘਰਸ਼ ਅਤੇ ਹੱਕੀ ਮੰਗਾਂ ਨੂੰ ਅਣਗੌਲਿਆਂ ਕੀਤੇ ਜਾਣ ਅਤੇ ਅਗਲੀ ਰਣਨੀਤੀ ਲਈ ਵਿਚਾਰ ਚਰਚਾ ਕੀਤੀ ਗਈ। ਯੂਨੀਅਨ ਦੀ ਮੀਟਿੰਗ ਵਿਚ ਵਿਚਾਰ ਕੀਤੀ ਗਈ ਕਿ ਯੂਨੀਅਨ ਵਲੋਂ ਲਗਾਤਾਰ ਸੰਘਰਸ਼ ਦੌਰਾਨ ਕਈ ਵਿਧਾਇਕਾਂ ਨੂੰ ਮੰਗ ਪੱਤਰ ਦਿਤੇ ਗਏ ਹਨ।
ਰੋਸ ਰੈਲੀਆਂ , ਧਰਨੇ ਪ੍ਰਦਰਸ਼ਨ ਕਰਨ ਅਤੇ ਸਰਕਾਰ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋ ਚੁਕੀਆਂ ਹਨ ਜਿਸ ਵਿਚ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੁੱਖ ਮੰਤਰੀ ਸਬ ਕਮੇਟੀ ਜਿਸ ਵਿਚ ਆਪ ਪ੍ਰਧਾਨ ਅਮਨ ਅਰੋੜਾ, ਕੁਲਦੀਪ ਸਿੰਘ ਧਾਲੀਵਾਲ ਅਤੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋ ਚੁਕੀਆਂ ਹਨ, ਪਰ ਫਿਰ ਵੀ ਯੂਨੀਅਨ ਦੀ ਏਡੇਡ ਸਕੂਲਾਂ ਵਿਚ ਅਣ ਏਡੇਡ ਤੌਰ ਤੇ ਸੇਵਾ ਨਿਭਾ ਰਹੇ ਅਧਿਆਪਕਾਂ ਨੂੰ 70:30 ਪਾਲਿਸੀ ਅਨੁਸਾਰ ਪੱਕਿਆਂ ਕਰਨ ਦੀ ਮੁੱਖ ਮੰਗ ਨੂੰ ਅਜੇ ਤੱਕ ਅਮਲੀਜਾਮਾ ਨਹੀਂ ਪਹਿਨਾਇਆ ਗਿਆ ਅਤੇ ਸਰਕਾਰ ਵਲੋਂ ਟਾਲ ਮਟੋਲ ਦੀ ਨੀਤੀ ਤੋਂ ਪ੍ਰੇਸ਼ਾਨ ਅਣਏਡੇਡ ਅਧਿਆਪਕ ਬਹੁਤ ਘੱਟ ਤਨਖਾਹਾਂ ਤੇ ਗੁਜ਼ਾਰਾ ਕਰਨ ਲਈ ਮਜਬੂਰ ਹਨ।


ਜਿਸ ਤੋਂ ਨਿਰਾਸ਼ ਇਹਨਾਂ ਅਧਿਆਪਕਾਂ ਨੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ 2 ਮਾਰਚ ਐਤਵਾਰ ਨੂੰ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਮਹਾਂ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਜਿਸ ਵਿਚ ਪੰਜਾਬ ਭਰ ਤੋਂ ਅਨਏਡੇਡ ਅਧਿਆਪਕ ਫ਼ਰੰਟ ਪੰਜਾਬ ਦੇ ਅਧਿਆਪਕ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ ਅਤੇ ਸਰਕਾਰ ਦੀਆਂ ਡੰਗ ਟਪਾਊ ਨੀਤੀਆਂ ਦਾ ਪਰਦਾਫਾਸ਼ ਕਰਨ ਲਈ ਵੱਡੇ ਪੱਧਰ ਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਨਗੇ ।

ਯੂਨੀਅਨ ਦੇ ਨੁਮਾਇੰਦਿਆਂ ਨੇ ਦਸਿਆ ਕਿ ਹੁਣ ਤੱਕ ਹੋਈਆਂ ਮੀਟਿੰਗਾਂ ਵਿਚ ਹਰ ਵਾਰ ਝੂਠੇ ਵਾਅਦੇ ਕਰ ਕੇ ਸਮਾਂ ਲੰਘਾਂਇਆ ਜਾ ਰਿਹਾ ਹੈ । ਜ਼ੇਕਰ ਫਿਰ ਵੀ ਯੂਨੀਅਨ ਦੀਆਂ ਮੰਗਾਂ ਪ੍ਰਵਾਨ ਨਾਂ ਹੋਇਆਂ ਤਾਂ ਮੁੱਖ ਮੰਤਰੀ ਸਾਬ ਦੇ ਨਿਵਾਸ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ ਅਤੇ ਇਹ ਉਦੋਂ ਤੱਕ ਰਹੇਗਾ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਇਸ ਮੌਕੇ ਤੇ ਅਨਏਡੇਡ ਅਧਿਆਪਕ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਜਹਾਂਗੀਰ, ਉਪ ਪ੍ਰਧਾਨ ਸੁਖਚੈਨ ਸਿੰਘ ਜੌਹਲ, ਕੁਲਜੀਤ ਸਿੰਘ ਸਿੱਧੂ, ਮੈਡਮ ਜਸਵੀਰ ਕੌਰ, ਹਰਮੋਲਕ ਕੌਰ, ਪ੍ਰਭਜੋਤ ਕੌਰ, ਬਲਵਿੰਦਰ ਸਿੰਘ, ਰਵਿੰਦਰ ਭਾਰਦਵਾਜ, ਸ਼ਮਸ਼ਾਦ ਅਲੀ, ਭੁਪਿੰਦਰ ਸਿੰਘ, ਕਰਨਜੀਤ ਸਿੰਘ, ਤਲਵਿੰਦਰ ਸਿੰਘ, ਜਤਿੰਦਰ ਸੇਠੀ ਅਤੇ ਵੱਖ ਵੱਖ ਜ਼ਿਲ੍ਹਿਆਂ ਤੋਂ ਮੈਂਬਰ ਇਕੱਠੇ ਹੋਏ।