ਬਿਨਾਂ ਲਾਇਸੈਂਸ ਦਵਾਈਆਂ ਵੇਚਣ ਵਾਲੇ ਨੂੰ ਕੀਤੀ ਗਈ 3 ਸਾਲ ਦੀ ਸਜ਼ਾ ਅਤੇ 1 ਲੱਖ ਜੁਰਮਾਨਾ
ਹੁਸ਼ਿਆਰਪੁਰ 20 ਦਸੰਬਰ 2024 (ਹਰਪਾਲ ਲਾਡਾ) : ਡਰੱਗ ਐਂਡ ਕਾਸਮੈਟਿਕ ਐਕਟ 1940 ਦੇ ਅਧੀਨ ਬਿਨਾ ਲਾਇਸੈਂਸ ਤੋੰ ਦਵਾਈਆਂ ਵੇਚਣ ਵਾਲੇ ਹੁਸ਼ਿਆਰਪੁਰ ਦੇ ਇੱਕ ਦਵਾ ਵਿਕਰੇਤਾ ਨੂੰ ਮਾਨਯੋਗ ਅਦਾਲਤ ਐਡੀਸ਼ਨਲ ਸੈਸ਼ਨ ਜੱਜ ਹੁਸ਼ਿਆਰਪੁਰ ਵੱਲੋਂ 3 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸੁਣਾਈ ਸਜ਼ਾ ਸੁਣਾਈ ਗਈ ਹੈ।
ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਜੋਨਲ ਲਾਈਸੈਂਸਿੰਗ ਅਥਾਰਿਟੀ ਬਲਰਾਮ ਲੁਥਰਾ ਨੇ ਦੱਸਿਆ ਕਿ ਦੋਸ਼ੀ ਦਵਾਈਆਂ ਦੇ ਲਾਇਸੈਂਸ ਤੋੰ ਬਿਨਾਂ ਹੀ ਹੁਸ਼ਿਆਰਪੁਰ ਵਿੱਚ ਦਵਾਈਆਂ ਵੇਚਦਾ ਪਾਇਆ ਗਿਆ ਸੀ ਅਤੇ ਨਾ ਹੀ ਉਹ ਦਵਾਈਆਂ ਦੇ ਬਿੱਲ ਦਿਖਾ ਸਕਿਆ ਸੀ। ਜਿਸ ਕਰਕੇ ਸਾਲ 2015 ਵਿੱਚ ਡਰੱਗ ਐਂਡ ਕਾੱਸਮੈਟਿਕ ਐਕਟ ਅਧੀਨ ਬਣਦੀ ਵਿਭਾਗੀ ਕਾਰਵਾਈ ਕਰਦੇ ਹੋਏ ਉਸਦੀਆਂ ਦਵਾਈਆਂ ਨੂੰ ਸੀਜ ਕੀਤਾ ਗਿਆ ਸੀ।
ਬਲਰਾਮ ਲੁਥਰਾ ਨੇ ਕਿਹਾ ਕਿ ਜੇਕਰ ਕੋਈ ਵੀ ਦਵਾ ਵਿਕਰੇਤਾ ਬਿਨਾਂ ਲਾਇਸੈਂਸ ਦਵਾਈਆਂ ਵੇਚਦਾ ਜਾਂ ਡਰੱਗ ਐਂਡ ਕਾਸਮੈਟਿਕ ਐਕਟ ਦੀ ਉਲੰਘਣਾ ਕਰਦਾ ਪਾਇਆ ਗਿਆ ਜਾਂ ਗੈਰ ਕਾਨੂੰਨੀ ਢੰਗ ਨਾਲ ਦਵਾਈਆਂ ਦਾ ਕਾਰੋਬਾਰ ਜਾਂ ਨਸ਼ੇ ਸੰਬੰਧੀ ਦਵਾਈਆਂ ਵੇਚਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਵੱਲੋਂ ਦਵਾ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੀਆਂ ਦਵਾਈਆਂ ਦੇ ਸੇਲ ਅਤੇ ਪਰਚੇਜ ਦੇ ਰਿਕਾਰਡ ਨੂੰ ਮੇਨਟੇਨ ਰੱਖਿਆ ਜਾਵੇ ਅਤੇ ਡਰੱਗ ਐਂਡ ਕਾੱਸਮੈਟਿਕ ਐਕਟ ਦੇ ਨਿਯਮਾਂ ਦੀ ਪਾਲਣਾਂ ਕੀਤੀ ਜਾਵੇ। ਅਜਿਹਾ ਨਾ ਕਰਨ ਵਾਲਿਆਂ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।