ਸਰੀਰਕ ਤੇ ਮਾਨਸਿਕ ਰੋਗਾਂ ਦਾ ਯੋਗ ਰਾਹੀਂ ਹੋ ਰਿਹਾ ਹੈ ਹੱਲ
ਹੁਸ਼ਿਆਰਪੁਰ, 8 ਅਕਤੂਬਰ: ਪੰਜਾਬ ਦੀ ਪਹਿਲ ‘ਸੀ.ਐਮ ਦੀ ਯੋਗਸ਼ਾਲਾ’ ਤਹਿਤ ਪੂਰੇ ਪੰਜਾਬ ਵਿਚ ਯੋਗ ਦਾ ਵਿਆਪਕ ਪ੍ਰਚਾਰ-ਸਰਸਾਰ ਹੋ ਰਿਹਾ ਹੈ। ਇਸ ਯੋਜਨਾ ਦੇ ਤਹਿਤ ਵੱਖ-ਵੱਖ ਜ਼ਿਲ੍ਹਿਆਂ ਵਿਚ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ, ਜਿਸ ਨਾਲ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਰੋਗਾਂ ਤੋਂ ਮੁਕਤੀ ਪਾਉਣ ਵਿਚ ਮਦਦ ਮਿਲ ਰਹੀ ਹੈ। ਯੋਗ ਸਾਹ ਲੈਣ ਦੀਆਂ ਕਸਰਤਾਂ ਅਤੇ ਵੱਖ-ਵੱਖ ਆਸਣਾਂ ਰਾਹੀਂ ਸਰੀਰ ਅਤੇ ਮਨ ਨੂੰ ਸੰਪੂਰਨ ਸਿਹਤ ਪ੍ਰਦਾਨ ਕਰਦਾ ਹੈ।
‘ਸੀ.ਐਮ ਦੀ ਯੋਗਸ਼ਾਲਾ’ ਪ੍ਰੋਜੈਕਟ ਦੀ ਜ਼ਿਲ੍ਹਾ ਕੁਆਰਡੀਨੇਟਰ ਮਾਧਵੀ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਵੀ ਯੋਗ ਕਲਾਸਾਂ ਦਾ ਨਿਯਮਿਤ ਸੰਚਾਲਨ ਹੋ ਰਿਹਾ ਹੈ। ਯੋਗਾਚਾਰੀਆ ਤੁਲਸੀ ਰਾਮ ਸਾਹੂ ਵੱਲੋਂ ਵੈਸਟ ਇਨਕਲੇਵ, ਗਲੀ ਨੰਬਰ 6 ਦਸ਼ਮੇਸ਼ ਨਗਰ ਵਿਚ ਸਵੇਰੇ 4:30 ਤੋਂ 5:30 ਤੱਕ, ਅਸ਼ੋਕਾ ਪਾਰਕ ਹੀਰਾ ਕਾਲੋਨੀ ਵਿਚ ਸਵੇਰੇ 5:40 ਤੋਂ 6:40 ਤੱਕ, ਭਾਗ ਸਿੰਘ ਨਗਰ ਗਲੀ ਨੰਬਰ 11 ਵਿਚ ਸ਼ਾਮ 3:30 ਅਤੇ 5:35 ਤੱਕ ਅਤੇ ਸਲਵਾੜਾ ਪ੍ਰਾਈਮਰੀ ਸਕੂਲ ਦੇ ਸਾਹਮਣੇ ਗਲੀ ਅਤੇ ਬਾਬਾ ਬਾਲਕ ਨਾਥ ਮੰਦਿਰ, ਸੁਭਾਸ਼ ਨਗਰ ਵਿਚ ਸ਼ਾਮ 5:45 ਤੋਂ 6:45 ਤੱਕ ਯੋਗ ਕਲਾਸਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਜ਼ਿਲ੍ਹਾ ਕੁਆਰਡੀਨੇਟਰ ਮਾਧਵੀ ਸਿੰਘ ਨੇ ਜਾਣਕਾਰੀ ਦਿੱਤੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕੁੱਲ 257 ਯੋਗ ਕਲਾਸਾਂ ਚਲਾਈਆਂ ਜਾ ਰਹੀਆ ਹਨ। ਯੋਗ ਰਾਹੀਂ ਸਾਹ ਲੈਣ ਨਾਲ ਸਰੀਰਕ ਅਤੇ ਮਾਨਸਿਕ ਲਾਭ ਹੁੰਦਾ ਹੈ। ਇਹ ਨਾ ਕੇਵਲ ਸਰੀਰ ਦੀ ਫੁਰਤੀ ਅਤੇ ਸ਼ਕਤੀ ਨੂੰ ਵਧਾਉਂਦਾ ਹੈ, ਬਲਕਿ ਮਾਨਸਿਕ ਆਰਾਮ, ਤਣਾਅ ਤੋਂ ਰਾਹਤ, ਵਧੀਆ ਨੀਂਦ, ਭੁੱਖ ਵਿਚ ਸੁਧਾਰ ਅਤੇ ਪਾਚਨ ਵਿਚ ਸਹਾਇਤਾ ਵੀ ਪ੍ਰਦਾਨ ਕਰਦਾ ਹੈ।
ਯੋਗ ਨਾਲ ਮਨ ਸ਼ਾਂਤ ਅਤੇ ਇਕਾਗਰ ਰਹਿੰਦਾ ਹੈ, ਜਿਸ ਨਾਲ ਜੀਵਨ ਵਿਚ ਸਕਰਾਤਮਕ ਊਰਜਾ ਅਤੇ ਸੰਤੁਲਨ ਦਾ ਅਨੁਭਵ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਯੋਗ ਕਲਾਸਾਂ ਲੈਣ ਲਈ 25 ਨਾਗਰਿਕਾਂ ਦਾ ਸਮੂਹ ਹੋਣਾ ਚਾਹੀਦਾ ਅਤੇ ਇਸ ਪ੍ਰੋਗਰਾਮ ਨਾਲ ਜੁੜਨ ਲਈ ਟੈਲੀਫੋਨ ਨੰਬਰ 76694-00500 ‘ਤੇ ਮਿਸਡ ਕਾਲ ਦੇ ਕੇ ਇਸ ਦਾ ਲਾਭ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ‘ਸੀ.ਐਮ ਦੀ ਯੋਗਸ਼ਾਲਾ’ ਰਾਹੀਂ ਲੋਕਾਂ ਨੂੰ ਉਨ੍ਹਾਂ ਵੱਲੋਂ ਚੁਣੀਆਂ ਗਈਆ ਥਾਵਾਂ ‘ਤੇ ਜਿਵੇਂ ਪਾਰਕ, ਜਨਤਕ ਸਥਾਨ ‘ਤੇ ਮੁਫ਼ਤ ਯੋਗ ਸਿਖਲਾਈ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਦੇ ਲਈ ਯੋਗ ਟਰੇਨਰ ਨਿਯੁਕਤ ਕੀਤੇ ਗਏ ਹਨ, ਜੋ ਕਿ ਹੁਸ਼ਿਆਰਪੁਰ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਲੋਕਾਂ ਨੂੰ ਯੋਗ ਦੀਆਂ ਵਿਧੀਆਂ ਦੇ ਬਾਰੇ ਵਿਚ ਜਾਗਰੂਕ ਕਰ ਰਹੇ ਹਨ।