ਮੈਂਬਰ ਡਾ: ਰਾਜਕੁਮਾਰ ਚੱਬੇਵਾਲ ਨੇ ਸਰਬਸੰਮਤੀ ਨਾਲ ਬਣੀਆਂ ਪੰਚਾਇਤਾਂ ਨੂੰ ਕੀਤਾ ਸਨਮਾਨਿਤ
ਹੁਸ਼ਿਆਰਪੁਰ: ਦੇ ਮਾਹਿਲਪੁਰ ਬਲਾਕ ਅਤੇ ਹੁਸ਼ਿਆਰਪੁਰ ਬਲਾਕ 2 ਦੇ ਖੇਤਰਾਂ ਵਿੱਚ ਲੋਕਤੰਤਰ ਦੀ ਇਤਿਹਾਸਕ ਮਿਸਾਲ ਕਾਇਮ ਕੀਤੀ ਗਈ, ਜਦੋਂ ਇੱਥੋਂ ਦੀਆਂ ਲਗਭਗ 50 ਪੰਚਾਇਤਾਂ ਦੇ ਸਾਰੇ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ। ਇਸ ਮੌਕੇ ਸੰਸਦ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ ਨੇ ਇਨ੍ਹਾਂ ਪੰਚਾਇਤ ਮੈਂਬਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ | ਉਨ੍ਹਾਂ ਦੱਸਿਆ ਕਿ ਸਰਬਸੰਮਤੀ ਨਾਲ ਬਣੀਆਂ ਪੰਚਾਇਤਾਂ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ 5 ਲੱਖ ਰੁਪਏ ਅਤੇ ਸੰਸਦ ਮੈਂਬਰ ਡਾ: ਰਾਜਕੁਮਾਰ ਚੱਬੇਵਾਲ ਵੱਲੋਂ 5 ਲੱਖ ਰੁਪਏ, ਕੁੱਲ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਲਗਭਗ 50 ਪੰਚਾਇਤਾਂ ਨੂੰ 2 ਕਰੌੜ 50 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਉਨ੍ਹਾਂ ਸਰਬਸੰਮਤੀ ਨਾਲ ਬਣੀਆਂ ਪੰਚਾਇਤਾਂ ਨੂੰ ਆਪਸੀ ਸਦਭਾਵਨਾ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਜਿੱਤ ਕਰਾਰ ਦਿੱਤਾ।
ਇਸ ਮੌਕੇ ਉਨ੍ਹਾਂ ਨਾਲ ਡਾ.ਇਸ਼ਾਂਕ ਚੱਬੇਵਾਲ ਅਤੇ ਡਾ. ਡਾ: ਜਤਿੰਦਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।ਡਾ. ਚੱਬੇਵਾਲ ਨੇ ਕਿਹਾ ਕਿ ਇਨ੍ਹਾਂ ਪੰਚਾਇਤਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਇਸ ਗੱਲ ਦਾ ਸੰਕੇਤ ਹੈ ਕਿ ਸਥਾਨਕ ਲੋਕ ਆਪਸੀ ਸਾਂਝ, ਭਾਈਚਾਰਕ ਸਾਂਝ ਅਤੇ ਸਮੂਹਿਕ ਵਿਕਾਸ ਦੀ ਭਾਵਨਾ ਤੋਂ ਪ੍ਰੇਰਿਤ ਹਨ। ਪੰਚਾਇਤੀ ਚੋਣਾਂ ਆਮ ਤੌਰ ‘ਤੇ ਮੁਕਾਬਲੇਬਾਜ਼ੀ ਅਤੇ ਮਤਭੇਦਾਂ ਨਾਲ ਹੁੰਦੀਆਂ ਹਨ, ਪਰ ਮਾਹਿਲਪੁਰ ਬਲਾਕ ਅਤੇ ਹੁਸ਼ਿਆਰਪੁਰ ਬਲਾਕ 2 ਦੀਆਂ ਪੰਚਾਇਤਾਂ ਨੇ ਮਿਲ ਕੇ ਕੰਮ ਕਰਨ ਅਤੇ ਸਮੂਹਿਕ ਅਗਵਾਈ ਨੂੰ ਤਰਜੀਹ ਦੇਣ ਦੀ ਮਿਸਾਲ ਕਾਇਮ ਕੀਤੀ ਹੈ।
ਇਨ੍ਹਾਂ ਪੰਚਾਇਤਾਂ ਦੇ ਬਣਨ ਤੋਂ ਬਾਅਦ ਪੇਂਡੂ ਖੇਤਰਾਂ ਵਿੱਚ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਆਵੇਗੀ। ਪਿੰਡ ਦੇ ਲੋਕ ਇਸ ਗੱਲ ਨੂੰ ਆਪਣੇ ਲਈ ਮਾਣ ਵਾਲੀ ਗੱਲ ਸਮਝਦੇ ਹਨ ਕਿ ਉਨ੍ਹਾਂ ਨੇ ਬਿਨਾਂ ਕਿਸੇ ਵਿਵਾਦ ਜਾਂ ਟਕਰਾਅ ਦੇ ਆਪਣੀ ਲੀਡਰਸ਼ਿਪ ਦੀ ਚੋਣ ਕੀਤੀ ਹੈ, ਇਸ ਮੌਕੇ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਡਾ: ਚੱਬੇਵਾਲ ਨੇ ਸਮੂਹ ਚੁਣੇ ਗਏ ਪੰਚਾਇਤ ਮੈਂਬਰਾਂ ਨੂੰ ਸਰੋਪਾਓ ਪਾ ਕੇ ਸਨਮਾਨਿਤ ਕੀਤਾ।
ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਸਮੂਹ ਪੰਚਾਇਤ ਮੈਂਬਰਾਂ ਦਾ ਹੈ ਜਿਨ੍ਹਾਂ ਨੇ ਪੇਂਡੂ ਲੋਕਾਂ ਦੇ ਹਿੱਤ ਵਿੱਚ ਸਰਬਸੰਮਤੀ ਨਾਲ ਲੀਡਰਸ਼ਿਪ ਸਵੀਕਾਰ ਕੀਤੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਤਰ੍ਹਾਂ ਦੀਆਂ ਪੰਚਾਇਤਾਂ ਹੋਰਨਾਂ ਖੇਤਰਾਂ ਲਈ ਵੀ ਪ੍ਰੇਰਨਾ ਸਰੋਤ ਬਣਨਗੀਆਂ ਕਿਉਂਕਿ ਪੰਚਾਇਤਾਂ ਸਰਬਸੰਮਤੀ ਨਾਲ ਬਣਨ ਤੋਂ ਬਾਅਦ ਪਿੰਡਾਂ ਵਿੱਚ ਜਸ਼ਨ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਇਸ ਮੌਕੇ ਨੂੰ ਜਸ਼ਨ ਵਾਂਗ ਮਨਾਇਆ। ਪੰਚਾਇਤ ਮੈਂਬਰ ਆਪੋ-ਆਪਣੇ ਖੇਤਰਾਂ ਵਿੱਚ ਹੋ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਸੰਕਲਪ ਲਿਆ ਹੈ।
ਡਾ: ਚੱਬੇਵਾਲ ਨੇ ਕਿਹਾ ਕਿ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਸਥਾਨਕ ਵਿਕਾਸ ਅਤੇ ਸਮਾਜ ਦੀ ਏਕਤਾ ਦਾ ਪ੍ਰਤੀਕ ਹਨ। ਉਨ੍ਹਾਂ ਸਮੂਹ ਪੰਚਾਇਤ ਮੈਂਬਰਾਂ ਨੂੰ ਆਪਸੀ ਸਹਿਯੋਗ ਅਤੇ ਤਾਲਮੇਲ ਨਾਲ ਇਲਾਕੇ ਦੇ ਵਿਕਾਸ ਲਈ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਵੀ ਆਪਣੇ ਨੁਮਾਇੰਦਿਆਂ ਨੂੰ ਜੀ ਆਇਆਂ ਕਹਿੰਦਿਆਂ ਪੰਚਾਇਤ ਮੈਂਬਰਾਂ ਪ੍ਰਤੀ ਆਪਣਾ ਸਮਰਥਨ ਪ੍ਰਗਟ ਕੀਤਾ। ਇਸ ਪ੍ਰਾਪਤੀ ਨੇ ਸੂਬੇ ਭਰ ਵਿੱਚ ਮਾਹਿਲਪੁਰ ਬਲਾਕ ਅਤੇ ਹੁਸ਼ਿਆਰਪੁਰ ਬਲਾਕ 2 ਦੀਆਂ ਪੰਚਾਇਤਾਂ ਨੂੰ ਇੱਕ ਨਵੀਂ ਪਛਾਣ ਦਿੱਤੀ ਹੈ। ਇਹ ਦੂਜੇ ਖਿੱਤਿਆਂ ਲਈ ਇੱਕ ਮਿਸਾਲ ਬਣ ਗਿਆ ਹੈ ਕਿ ਕਿਵੇਂ ਆਪਸੀ ਸਮਝਦਾਰੀ ਅਤੇ ਸਮੂਹਿਕ ਹਿੱਤਾਂ ਨੂੰ ਪਹਿਲ ਦੇ ਕੇ ਸਮਾਜ ਦਾ ਵਿਕਾਸ ਕੀਤਾ ਜਾ ਸਕਦਾ ਹੈ।