ਬੱਚੀਆਂ ਨਾਲ ਹੀ ਅੱਗੇ ਵੱਧਦਾ ਹੈ ਸਮਾਜ : ਬ੍ਰਮ ਸ਼ੰਕਰ ਜਿੰਪਾ
ਹੁਸ਼ਿਆਰਪੁਰ, 7 ਸਤੰਬਰ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਾਡਾ ਪੂਰਾ ਸਮਾਜ ਸਾਡੀਆਂ ਬੱਚੀਆਂ ਨਾਲ ਹੀ ਅੱਗੇ ਵੱਧਦਾ ਹੈ। ਹੁਣ ’ਬੇਟੀ ਬਚਾਓ, ਬੇਟੀ ਪੜ੍ਹਾਓ’ ਨਹੀਂ ਬਲਕਿ ’ਬੇਟੀ ਪੜਾਓ ਅਤੇ ਉਨ੍ਹਾਂ ਨੂੰ ਉਚ ਸਿੱਖਿਆ ਦਿਵਾਓ’ ਦਾ ਨਾਅਰਾ ਵਧੇਰੇ ਅਨੁਕੂਲ ਹੈ, ਕਿਉਂਕਿ ਸਾਡੀਆਂ ਬੇਟੀਆਂ ਛੋਟੇ ਕੰਮਾਂ ਤੋਂ ਲੈ ਕੇ ਲੜਾਕੂ ਜਹਾਜ ਤੱਕ ਉੜਾ ਰਹੀਆਂ ਹਨ। ਉਹ ਅੱਜ ਪਿੰਡ ਆਦਮਵਾਲ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ’ਬੇਟੀ ਬਚਾਓ, ਬੇਟੀ ਪੜ੍ਹਾਓ’ ਤਹਿਤ ਨਵਜੰਮੀਆਂ ਬੱਚੀਆਂ ਦੇ ਜਨਮ ਸਮਾਰੋਹ ਸਬੰਧੀ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਐਸ.ਡੀ.ਐਮ ਸੰਜੀਵ ਸ਼ਰਮਾ ਵੀ ਮੌਜੂਦ ਸਨ।
ਜ਼ਿਲ੍ਹਾ ਪ੍ਰੋਗਰਾਮ ਅਫਸਰ ਹਰਦੀਪ ਕੌਰ ਦੀ ਅਗਵਾਈ ਵਿਚ ਸੀ.ਡੀ.ਪੀ.ਓ ਹੁਸ਼ਿਆਰਪੁਰ-1 ਰਜਿੰਦਰ ਕੌਰ ਵਲੋਂ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਸਮਾਜ ਦੀ ਉਨਤੀ ਬੇਟੀਆਂ ਨਾਲ ਹੀ ਸੰਭਵ ਹੈ। ਇਸ ਦੌਰਾਨ ਉਨ੍ਹਾਂ ਨੇ 10 ਨਵਜੰਮੀਆਂ ਲੜਕੀਆਂ ਦੇ ਨਾਮ ’ਤੇ ਭਾਰਤ ਰਤਨ ਡਾ.ਬੀ.ਆਰ.ਅੰਬੇਦਕਰ ਪਾਰਕ ਵਿਚ ਪੌਦੇ ਲਗਾਏ ਅਤੇ ਇਨ੍ਹਾਂ 10 ਬੱਚੀਆਂ ਦੇ ਨਾਮ ਦਾ ਕੇਕ ਵੀ ਕੱਟਿਆ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਉਨਤੀ ਦੇ ਮਾਮਲੇ ਵਿਚ 192 ਕੇਸਾਂ ਵਿਚੋਂ 3-4 ਨੰਬਰ ’ਤੇ ਹੈ। ਸਾਡੀਆਂ ਬੱਚੀਆਂ ਹਰ ਖੇਤਰ ਵਿਚ ਨਾਮ ਕਮਾ ਰਹੀਆਂ ਹਨ। ਵਿਭਾਗ ਨੇ ਬੇਟੀਆਂ ਦੇ ਨਾਮ ’ਤੇ ਪੌਦੇ ਲਗਾ ਕੇ ਬਹੁਤ ਸਰਾਹਨਾਯੋਗ ਕੰਮ ਕੀਤਾ ਹੈ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ।
ਇਸ ਮੌਕੇ ਪੋਸ਼ਣ ਮਹੀਨੇ ਤਹਿਤ ਘੱਟ ਲਾਗਤ ਵਿਚ ਤਿਆਰ ਹੋਣ ਵਾਲੇ ਅਤੇ ਵੱਧ ਪੋਸ਼ਣਯੁਕਤ 11 ਵਿਅੰਜਨਾਂ ਦੇ ਸਟਾਲ ਵੀ ਲਗਾਏ ਗਏ ਸਨ। ਮੁੱਖ ਮਹਿਮਾਨ ਵਲੋਂ 10 ਨਵਜੰਮੀਆਂ ਬੱਚੀਆਂ ਨੂੰ 500-500 ਰੁਪਏ ਦਾ ਸ਼ਗਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਵਿਭਾਗ ਵਲੋਂ ਵੀ ਇਨ੍ਹਾਂ ਬੱਚੀਆਂ ਨੂੰ ਕੰਬਲ ਵੰਡੇ ਗਏ ਅਤੇ 5 ਉਪਲੱਬਧੀਆਂ ਹਾਸਲ ਕਰਨ ਵਾਲੀਆਂ ਲੜਕੀਆਂ ਨੂੰ ਵਾਲ ਕਲਾਕ ਦਿੱਤੇ ਗਏ। ਇਸ ਮੌਕੇ ਜਿਨ੍ਹਾਂ ਬੱਚੀਆਂ ਨੇ ਪੇਸ਼ਕਾਰੀ ਕੀਤੀ, ਉਨ੍ਹਾਂ ਨੂੰ ਵੀ 4000 ਹਜ਼ਾਰ ਰੁਪਏ ਦਾ ਪੁਰਸਕਾਰ ਦਿੱਤਾ ਗਿਆ। ਅੱਜ ਦੇ ਇਸ ਪ੍ਰੋਗਰਾਮ ਵਿਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ, ਸੀ.ਡੀ.ਪੀ.ਓ. ਹੁਸ਼ਿਆਰਪੁਰ-2 ਦਿਆ ਰਾਣੀ, ਸੀ.ਡੀ.ਪੀ.ਓ ਭੂੰਗਾ ਜਸਵਿੰਦਰ ਕੌਰ, ਐਮ.ਐਮ.ਓ ਬਲਦੇਵ ਸਿੰਘ, ਰਮਾ ਦੇਵੀ, ਮਨਪ੍ਰੀਤ ਸਿੰਘ, ਗੁਰਦੁਅਰਾ ਰਵਿਦਾਸ ਨਗਰ ਦੇ ਪ੍ਰਧਾਨ ਸੁਨੀਲ, ਰਾਜਨ ਸੈਣੀ, ਸਤਵੀਰ ਸੱਤੀ, ਜਸਵੰਤ ਸਿੰਘ, ਅਵਤਾਰ ਤਾਰੀ, ਬਖਤਾਵਰ ਸਿੰਘ, ਹਰਬਿਲਾਸ, ਸੁਮਨ ਬਹਿਲ, ਕਮਲਜੀਤ ਬਹਿਲ, ਵਿਕਰਮਜੀਤ ਸਾਧੂ, ਨੱਥਾ ਸਿੰਘ, ਅਨਿਲ ਕੁਮਾਰ ਵੀ ਮੌਜੂਦ ਸਨ। ਸਾਰੇ ਸੁਪਰਵਾਈਜਰ ਅਤੇ ਵੱਖ-ਵੱਖ ਖੇਤਰਾਂ ਵਿਚ ਉਪਲਬੱਧੀਆਂ ਹਾਸਲ ਕਰਨ ਵਾਲੀਆਂ 5 ਲੜਕੀਆਂ ਵੀ ਮੌਜੂਦ ਸਨ। ਮੰਚ ਸੰਚਾਲਨ ਦੀ ਭੂਮਿਕਾ ਸੰਦੀਪ ਕੌਰ ਅਤੇ ਰਜਿੰਦਰ ਕੌਰ ਨੇ ਬਾਖੂਬੀ ਨਿਭਾਈ।