ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਯੂਨੀਅਨਾਂ ਨਾਲ ਮੀਟਿੰਗ
ਹੁਸ਼ਿਆਰਪੁਰ, 4 ਸਤੰਬਰ : ਜ਼ਿਲ੍ਹਾ ਹੁਸ਼ਿਆਰਪੁਰ ਵਿਚ ਆਗਾਮੀ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਦੇ ਯੋਗ ਪ੍ਰਬੰਧਨ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਨਾਲ ਵਿਚਾਰ- ਵਟਾਂਦਰਾ ਕਰਨ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਸਾਨ ਆਗੂਆਂ ਨੂੰ ਸਾਲ 2024 ਦੌਰਾਨ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਨੂੰ ਲੈ ਕੇ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਬਾਰੇ ਜਾਣੂ ਕਰਵਾਇਆ।
ਉਨ੍ਹਾਂ ਦੱਸਿਆ ਕਿ ਪਰਾਲੀ ਦੇ ਪ੍ਰਬੰਧਨ ਲਈ ਜ਼ਿਲ੍ਹੇ ਵਿਚ ਪਿਛਲੇ ਸਾਲ ਤੱਕ ਵੱਖ-ਵੱਖ ਕਿਸਾਨਾਂ ਨੂੰ 2651 ਮਸ਼ੀਨਾਂ ਉਪਦਾਨ ‘ਤੇ ਮੁਹੱਈਆ ਕਰਵਾਈਆਂ ਗਈਆਂ ਅਤੇ ਮੌਜੂਦਾ ਸਾਲ ਦੌਰਾਨ 178 ਮਸ਼ੀਨਾਂ ਦੀ ਸੈਂਕਸ਼ਨ ਜਾਰੀ ਕੀਤੀ ਗਈ ਹੈ, ਤਾਂ ਜੋ ਜ਼ਿਲ੍ਹੇ ਦੇ ਕਿਸਾਨ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਕਰਕੇ ਵਧੀਆ ਢੰਗ ਨਾਲ ਪਰਾਲੀ ਦਾ ਪ੍ਰਬੰਧਨ ਕਰ ਸਕਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਵਿਚ ਪਰਾਲੀ ਦਾ ਖੇਤਾਂ ਵਿਚ ਹੀ ਪ੍ਰਬੰਧਨ ਕਰਨ ਲਈ ਇੰਨ-ਸਿਟੂ ਮਸ਼ੀਨਾਂ ਅਤੇ ਪਰਾਲੀ ਨੂੰ ਇਕੱਠੀ ਕਰਕੇ ਇਸ ਦੀਆਂ ਗੰਢਾਂ ਦੀ ਵੱਖ-ਵੱਖ ਉਦਯੋਗਿਕ ਇਕਾਈਆਂ ਵਿਚ ਵਰਤੋਂ ਲਈ ਐਕਸ-ਸਿਟੂ ਬੇਲਰ ਮਸ਼ੀਨਾਂ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਬਲਾਕ ਪੱਧਰ ‘ਤੇ ਮਸ਼ੀਨਾਂ ਦੀ ਉਪਲਬੱਧਤਾ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਕੋਲ ਇਨ੍ਹਾਂ ਮਸ਼ੀਨਾਂ ਦੇ ਮਾਲਕਾਂ ਦੀ ਪੂਰੀ ਡਿਟੇਲ ਸਮੇਤ ਮੋਬਾਇਲ ਨੰਬਰ ਉਪਲਬੱਧ ਹੈ ਅਤੇ ਜ਼ਿਲ੍ਹੇ ਦੇ ਕਿਸਾਨ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕਰਕੇ ਇਨ੍ਹਾਂ ਮਸ਼ੀਨਾਂ ਨੂੰ ਵਰਤੋਂ ਵਿਚ ਲਿਆ ਸਕਦੇ ਹਨ। ਉਨ੍ਹਾਂ ਪਿਛਲੇ ਸਮੇਂ ਦੌਰਾਨ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਪਰਾਲੀ ਪ੍ਰਬੰਧਨ ਵਿਚ ਦਿੱਤੇ ਸਹਿਯੋਗ ਲਈ ਧੰਨਵਾਦ ਜ਼ਾਹਿਰ ਕੀਤਾ ਅਤੇ ਮੌਜੂਦਾ ਸਾਲ ਦੌਰਾਨ ਵੀ ਸਮੂਹ ਕਿਸਾਨ ਯੂਨੀਅਨਾਂ ਅਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਦਾ ਯੋਗ ਪ੍ਰਬੰਧਨ ਕਰਕੇ ਵਾਤਾਵਰਨ ਦੀ ਸੰਭਾਲ ਵਿਚ ਵੱਡਮੁੱਲਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ ਕਿ ਕਿਸਾਨ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਪਹਿਲਾਂ ਹੀ ਸੁਹਿਰਦਤਾ ਰੱਖਦੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਜ਼ਿਲ੍ਹੇ ਦੀਆਂ ਕੋਆਪਰੇਟਿਵ ਸੁਸਾਇਟੀਆਂ ਵਿਖੇ ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਦੀ ਉਪਲਬੱਧਤਾ ਦੀ ਮੰਗ ਕੀਤੀ, ਤਾਂ ਜੋ ਛੋਟੇ ਅਤੇ ਸੀਮਾਂਤ ਕਿਸਾਨ ਇਨ੍ਹਾਂ ਮਸ਼ੀਨਾਂ ਨਾਲ ਪਰਾਲੀ ਦਾ ਯੋਗ ਹੱਲ ਕਰ ਸਕਣ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਪਿੰਡਾਂ ਵਿਚ ਲਗਾਏ ਜਾਣ ਵਾਲੇ ਜਾਗਰੂਕਤਾ ਕੈਂਪਾਂ ਦਾ ਭਰਪੂਰ ਲਾਭ ਲੈਣ ਅਤੇ ਜ਼ਿਲ੍ਹੇ ਵਿਚ ਉਪਲਬੱਧ ਮਸ਼ੀਨਾਂ ਦੀ ਵੱਧ ਤੋਂ ਵੱਧ ਆਪਣੇ ਖੇਤਾਂ ਵਿਚ ਵਰਤੋਂ ਦੇ ਨਾਲ-ਨਾਲ ਹੋਰ ਕਿਸਾਨਾਂ ਦੇ ਖੇਤਾਂ ਵਿਚ ਵੀ ਇਸ ਦਾ ਉਪਯੋਗ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਦਪਿੰਦਰ ਸਿੰਘ, ਖੇਤੀਬਾੜੀ ਵਿਭਾਗ ਦੇ ਬਲਾਕ ਅਧਿਕਾਰੀ ਜੰਗਵੀਰ ਸਿੰਘ ਚੌਹਾਨ ਪ੍ਰਧਾਨ ਦੋਆਬਾ ਕਿਸਾਨ ਕਮੇਟੀ, ਗੁਰਨਾਮ ਸਿੰਘ, ਸੁਰਿੰਦਰ ਸਿੰਘ ਪੱਗੜੀ ਸੰਭਾਲ ਲਹਿਰ, ਪਰਮਜੀਤ ਸਿੰਘ ਬੱਬਰ, ਜਸਵੰਤ ਸਿੰਘ ਭੱਠਲ ਸ਼ੇਰੇ ਪੰਜਾਬ ਕਿਸਾਨ ਯੂਨੀਅਨ, ਸੁਖਵੀਰ ਸਿੰਘ, ਭਾਰਤੀ ਕਿਸਾਨ ਯੂਨੀਅਨ ਦੋਆਬਾ ਲਖਵਿੰਦਰ ਸਿੰਘ ਆਦਿ ਵੱਖ—ਵੱਖ ਕਿਸਾਨ ਆਗੂਆਂ ਨੇ ਮੀਟਿੰਗ ਵਿੱਚ ਭਾਗ ਲਿਆ।