ਸਿਵਲ ਸਰਜਨ ਵੱਲੋਂ ਆਮ ਆਦਮੀ ਕਲੀਨਿਕ ਫੁਗਲਾਣਾ ਦਾ ਅਚਨਚੇਤ ਦੌਰਾ
ਹੁਸ਼ਿਆਰਪੁਰ 4 ਸਤੰਬਰ 2024 : ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਸ਼ਗੋਤਰਾ ਵੱਲੋਂ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਬਲਾਕ ਹਾਰਟਾ ਬੱਡਲਾ ਅਧੀਨ ਆਮ ਆਦਮੀ ਕਲੀਨਿਕ ਫੁਗਲਾਣਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਜਿਲਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ ਵੀ ਮੌਜੂਦ ਸਨ।
ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਡਿਊਟੀ ਤੇ ਤਾਇਨਾਤ ਸਟਾਫ ਦੀ ਹਾਜ਼ਰੀ ਚੈਕ ਕੀਤੀ। ਸਾਰਾ ਸਟਾਫ ਹਾਜ਼ਰ ਸੀ। ਉਹਨਾਂ ਨੇ ਓਪੀਡੀ ਰਿਕਾਰਡ ਚੈੱਕ ਕੀਤਾ। ਉਹਨਾਂ ਵੱਲੋਂ ਮਰੀਜ਼ਾਂ ਦਾ ਰਿਕਾਰਡ, ਦਵਾਈਆਂ ਦਾ ਸਟਾਕ ਅਤੇ ਸਾਫ ਸਫਾਈ ਦਾ ਵਿਸ਼ੇਸ਼ ਤੌਰ ਤੇ ਜਾਇਜ਼ਾ ਲਿਆ ਗਿਆ। ਉਹਨਾਂ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਲਈ ਨਿਯਮਾਂ ਦਾ ਪਾਲਣ ਕਰਨ ਲਈ ਹਿਦਾਇਤਾਂ ਜਾਰੀ ਕੀਤੀਆਂ ।
ਸਿਵਲ ਸਰਜਨ ਨੇ ਮੈਡੀਕਲ ਅਫਸਰ ਅਤੇ ਹੋਰ ਸਟਾਫ ਨੂੰ ਸੰਸਥਾ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਕਰਨ ਅਤੇ ਮਰੀਜਾਂ ਦਾ ਉਚਿਤ ਰਿਕਾਰਡ ਮੇਨਟੇਨ ਰੱਖਣ ਲਈ ਕਿਹਾ। ਉਨ੍ਹਾਂ ਨੇ ਆਏ ਹੋਏ ਮਰੀਜ਼ਾਂ ਪਾਸੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਹਨਾਂ ਨੇ ਮਰੀਜਾਂ ਲਈ ਜਰੂਰੀ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਆਖਿਆ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਹਰ ਬਣਦੀ ਸਹੂਲਤ ਦਿੱਤੀ ਜਾ ਸਕੇ।
ਡਾ. ਪਵਨ ਨੇ ਆਮ ਆਦਮੀ ਕਲੀਨਿਕ ਵਿੱਚ ਅੱਜ ਬੁੱਧਵਾਰ ਵਾਲੇ ਦਿਨ ਚੱਲ ਰਹੇ ਮਮਤਾ ਦਿਵਸ ਦਾ ਵੀ ਜਾਇਜਾ ਲਿਆ। ਉਨ੍ਹਾਂ ਵੈਕਸਿਨ ਦੇ ਰੱਖ ਰਖਾਵ ਲਈ ਆਈ.ਐਲ.ਆਰ ਦੀ ਵੀ ਜਾਂਚ ਕੀਤੀ। ਹਾਈ ਰਿਸਕ ਗਰਭਵਤੀਆਂ ਦੀ ਡਿਊ ਲਿਸਟ ਚੈੱਕ ਕੀਤੀ ਅਤੇ ਲਿਸਟ ਮੁਤਾਬਿਕ ਜੋ 18 ਗਰਭਵਤੀਆਂ ਹਾਈ ਰਿਸਕ ਸਨ ਉਹਨਾਂ ਦਾ ਫਾਲੋਅੱਪ ਕਰਨ ਲਈ ਨਿਰਦੇਸ਼ ਦਿੱਤੇ।