Hoshairpur
ਕਮਿਸ਼ਨਰ ਨਗਰ ਨਿਗਮ ਨੇ ਧੋਬੀਘਾਟ ‘ਚ ਘਰਾਂ ਵਿੱਚ ਆ ਰਹੇ ਗੰਦੇ ਪਾਣੀ ਦੀ ਸਮੱਸਿਆ ਦਾ ਕਰਵਾਇਆ ਨਿਪਟਾਰਾ
ਹੁਸ਼ਿਆਰਪੁਰ, 23 ਅਗਸਤ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਰੋਜ਼ਾਨਾ ਵੱਖ-ਵੱਖ ਮਾਧਿਅਮਾਂ ਰਾਹੀਂ ਸਾਹਮਣੇ ਆ ਰਹੀਆਂ ਜਨਤਕ ਸਮੱਸਿਆਵਾਂ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਰੁਟੀਨ ਵਿੱਚ ਆਉਣ ਵਾਲੀਆਂ ਸਾਰੇ ਵਿਭਾਗਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਨਗਰ ਨਿਗਮ ਅਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਸਾਂਝੇ ਯਤਨਾਂ ਸਦਕਾ ਵਾਰਡ ਨੰਬਰ 36 ਮੁਹੱਲਾ ਧੋਬੀਘਾਟ (ਸ਼ਕਤੀ ਨਗਰ) ਵਿਚ ਗੰਦੇ ਪਾਣੀ ਦੀ ਸਮੱਸਿਆ ਦਾ ਹਾਲ ਹੀ ਵਿਚ ਹੱਲ ਕੀਤਾ ਗਿਆ ਹੈ।
ਕਮਿਸ਼ਨਰ ਨਗਰ ਨਿਗਮ ਡਾ: ਅਮਨਦੀਪ ਕੌਰ ਨੇ ਉਕਤ ਸ਼ਿਕਾਇਤ ਸਬੰਧੀ ਕਿਹਾ ਕਿ ਵਾਰਡ ਨੰਬਰ 36 ਮੁਹੱਲਾ ਧੋਬੀਘਾਟ ਵਿਖੇ ਗੰਦਾ ਪਾਣੀ ਆਉਣ ਦੀ ਸਮੱਸਿਆ ਦਾ ਨਗਰ ਨਿਗਮ ਦੀ ਵਾਟਰ ਸਪਲਾਈ ਮੇਨਟੇਨੈਂਸ ਸ਼ਾਖਾ ਵੱਲੋਂ ਸਮੇਂ-ਸਮੇਂ 'ਤੇ ਨਿਪਟਾਰਾ ਕੀਤਾ ਜਾ ਰਿਹਾ ਸੀ, ਪਰ ਸੀਵਰੇਜ ਲਾਈਨ ਓਵਰਫਲੋ ਹੋਣ ਕਰਨ ਇਸ ਦਾ ਯੋਗ ਹੱਲ ਨਹੀਂ ਹੋ ਪਾ ਰਿਹਾ ਸੀ।
ਇਸ ਦੇ ਢੁੱਕਵੇਂ ਹੱਲ ਲਈ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਨੂੰ ਉਕਤ ਸਥਾਨ 'ਤੇ ਜਲ ਸਪਲਾਈ ਲਾਈਨ ਵਿਛਾਉਣ ਲਈ ਐਸਟੀਮੇਟ ਤਿਆਰ ਕਰਨ ਲਈ ਕਿਹਾ ਗਿਆ ਅਤੇ ਵਿਭਾਗ ਤੋਂ ਪ੍ਰਾਪਤ 8 ਲੱਖ ਰੁਪਏ ਦਾ ਐਸਟੀਮੇਟ ਪ੍ਰਸਤਾਵ ਨਗਰ ਨਿਗਮ ਦੀ ਹਾਊਸ ਮੀਟਿੰਗ ਵਿਚ ਪਾਸ ਕਰਕੇ ਫੰਡ ਜਾਰੀ ਕਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਤੇ ਸੀਵਰੇਜ ਬੋਰਡ ਦੀ ਤਰਫੋਂ ਇਸ ਸਬੰਧੀ ਟੈਂਡਰ ਜਾਰੀ ਕਰਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਸਭ ਤੋਂ ਵੱਧ ਸ਼ਿਕਾਇਤਾਂ ਗਲੀ ਨੰਬਰ 4 ਵਿੱਚ ਗੰਦੇ ਪਾਣੀ ਸਬੰਧੀ ਮਿਲਦੀਆਂ ਹਨ, ਜਿਸ ਸਬੰਧੀ ਉਕਤ ਗਲੀ ਵਿੱਚ ਪੈਂਦੇ ਸਾਰੇ ਘਰਾਂ ਦੇ ਵਾਟਰ ਸਪਲਾਈ ਦੇ ਕੁਨੈਕਸ਼ਨ ਬਦਲ ਦਿੱਤੇ ਗਏ ਹਨ ਅਤੇ ਨਵੀਂ ਵਾਟਰ ਸਪਲਾਈ ਲਾਈਨ ਵੀ ਵਿਛਾਈ ਗਈ ਹੈ ਅਤੇ ਧੋਬੀਘਾਟ ਮੁਹੱਲੇ ਦੀਆਂ ਬਾਕੀ ਗਲੀਆ ਦਾ ਕੰਮ ਵੀ ਜਲਦ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਨੂੰ ਪਾਣੀ ਦੀ ਸਪਲਾਈ ਦੇਣ ਵਾਲੇ ਟਿਊਬਵੈੱਲਾਂ 'ਤੇ ਲਗਾਤਾਰ ਕਲੋਰੀਨੇਸ਼ਨ ਕੀਤੀ ਜਾ ਰਹੀ ਹੈ ਅਤੇ ਲੋੜ ਪੈਣ 'ਤੇ ਪਾਣੀ ਦੇ ਟੈਂਕਰਾਂ ਰਾਹੀਂ ਕਲੋਰੀਨੇਟਿਡ ਪਾਣੀ ਦੇ ਟੈਂਕਰ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਇਲਾਕੇ ਵਿੱਚ ਲਗਾਤਾਰ ਪਾਣੀ ਦੇ ਸੈਂਪਲ ਲੈ ਕੇ ਉਨ੍ਹਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।