ਨਗਰ ਨਿਗਮ ਵਿਖੇ ਉਤਸ਼ਾਹ ਨਾਲ ਮਨਾਇਆ ਅਜ਼ਾਦੀ ਦਿਵਸ
ਹੁਸ਼ਿਆਰਪੁਰ, 15 ਅਗਸਤ : ਨਗਰ ਨਿਗਮ ਹੁਸ਼ਿਆਰਪੁਰ ਵਿਖੇ 78ਵਾਂ ਸੁਤੰਤਰਤਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਅਤਿ ਮਹੱਤਵਪੂਰਨ ਸਮਾਰੋਹ ਵਿਚ ਨਗਰ ਨਿਗਮ ਦੇ ਵੱਖ-ਵੱਖ ਅਧਿਕਾਰੀਆਂ/ਕਰਮਚਾਰੀਆਂ ਅਤੇ ਯੂਨੀਅਨਾਂ ਦੇ ਪ੍ਰਧਾਨਾਂ/ਅਹੁਦੇਦਾਰਾਂ ਅਤੇ ਵੱਖ-ਵੱਖ ਮਿਊਂਸਪਲ ਕੌਂਸਲਰਾਂ ਨੇ ਭਾਗ ਲਿਆ ਗਿਆ। ਸਵੇਰੇ 7:58 ਵਜੇ ਨਗਰ ਨਿਗਮ ਵਿਖੇ ਮੇਅਰ ਸੁਰਿੰਦਰ ਕੁਮਾਰ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਵਿੱਦਿਆ ਮੰਦਿਰ ਸਕੂਲ ਹੁਸ਼ਿਆਰਪੁਰ ਦੇ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਉੁਨ੍ਹਾਂ ਨਾਲ ਕਮਿਸ਼ਨਰ ਨਗਰ ਨਿਗਮ ਡਾ: ਅਮਨਦੀਪ ਕੌਰ, ਸੀਨੀਅਰ ਡਿਪਟੀ ਮੇਅਰ ਪਰਵੀਨ ਲਤਾ ਸੈਣੀ, ਡਿਪਟੀ ਮੇਅਰ ਰਣਜੀਤਾ ਚੌਂਧਰੀ, ਚੇਅਰਮੈਨ ਵਿੱਤ ਤੇ ਠੇਕਾ ਕਮੇਟੀ ਬਲਵਿੰਦਰ ਕੁਮਾਰ ਵੀ ਮੌਜੂਦ ਸਨ।
ਇਸ ਸਮਾਗਮ ਦੌਰਾਨ ਮੇਅਰ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਦੇ ਨਾਮ ਸੰਦੇਸ਼ ਦਿੰਦੇ ਹੋਏ ਸ਼ਹਿਰ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਮੁਬਾਰਕਾਂ ਦਿੱਤੀਆ ਗਈਆ ਅਤੇ ਉਨ੍ਹਾਂ ਅਨੇਕਾ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਨਮਨ ਕੀਤਾ ਗਿਆ, ਜਿਨ੍ਹਾਂ ਵੱਲੋਂ ਦੇਸ਼ ਲਈ ਆਪਣੀਆ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਦਿਵਾਈ ਗਈ। ਉਨ੍ਹਾਂ ਸੰਵਿਧਾਨ ਕਮੇਟੀ, ਜਿਸ ਦੇ ਨਿਰਮਾਤਾ ਬਾਵਾ ਸਾਹਿਬ ਡਾ: ਬੀ.ਆਰ ਅੰਬੇਡਕਰ ਹਨ ਜਿਨ੍ਹਾਂ ਵੱਲੋਂ ਦਿਨ-ਰਾਤ ਅੱਣਥੱਕ ਮਿਹਨਤ ਕਰਕੇ ਆਜ਼ਾਦ ਭਾਰਤ ਨੂੰ ਇਕ ਲਿਖਤੀ ਸੰਵਿਧਾਨ ਦਿੱਤਾ ਗਿਆ। ਉਨ੍ਹਾਂ ਨੂੰ ਵੀ ਸਮੂਹ ਹਾਜ਼ਰੀਨ ਵੱਲੋਂ ਸਿਰ ਝੁਕਾ ਕੇ ਪ੍ਰਣਾਮ ਕੀਤਾ ਗਿਆ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵਿਸ਼ੇਸ਼ ਤੌਰ ’ਤੇ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸਵੱਛ ਰੱਖਣ ਲਈ ਉਹ ਨਗਰ ਨਿਗਮ ਦਾ ਸਾਥ ਦੇਣ। ਆਪਣੇ ਘਰ ਤੋਂ ਹੀ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਸਫਾਈ ਸੇਵਕਾਂ ਨੂੰ ਦੇਣ।
ਉਨ੍ਹਾਂ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਅੰਦਰ 100 ਫੀਸਦੀ ਸੀਵਰੇਜ ਅਤੇ ਪਾਣੀ ਦੀਆਂ ਲਾਈਨਾਂ ਵਿਛਾਈਆ ਜਾ ਰਹੀਆਂ ਹਨ ਅਤੇ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਜਲਦ ਅਮਰੂਤ ਸਕੀਮ ਵਿਚ ਪਾਈਆ ਜਾ ਰਹੀਆ ਹਨ। ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਮਹਿਲਾਵਾਂ ਦੀ ਸੁਵਿਧਾ ਲਈ ਸਵੱਛਤਾ ਨੂੰ ਦੇਖਦੇ ਹੋਏ ਬੱਸ ਸਟੈਂਡ ਅਤੇ ਸਿਵਲ ਹਸਪਤਾਲ ਵਿਖੇ ਪਿੰਕ ਟੁਆਇਲਟ ਬਣਾਏ ਗਏ ਹਨ। ਸ਼ਹਿਰ ਵਾਸੀਆਂ ਨੂੰ 100 ਫੀਸਦੀ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਸੋਡੀਅਮ ਹਿੱਪੋਕਲੋਰਾਈਡ ਦਵਾਈ ਦੀ ਲਗਾਤਾਰ ਖਰੀਦ ਕਰਕੇ ਰੋਜਾਨਾਂ ਟਿਊਬਵੈਲਾਂ ਤੇ ਪਾਣੀ ਦੀ ਕਲੋਰੀਨੇਸ਼ਨ ਕੀਤੀ ਜਾ ਰਹੀ ਹੈ, ਸੀਵਰੇਜ ਬਲਾਕੇਜ ਨੂੰ ਤੁਰੰਤ ਹਟਾਉਣ ਲਈ 1.50 ਲੱਖ ਰੁਪਏ ਦੀਆਂ 4 ਛੋਟੀਆਂ ਜੈਟਿੰਗ ਮਸ਼ੀਨਾਂ ਦੀ ਖਰੀਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰੋਂ ਤੁਰੰਤ ਅਤੇ ਸਮੇਂ ਸਿਰ ਕੂੜੇ ਦੀ ਲਿਫਟਿੰਗ ਲਈ 25 ਟਾਟਾ ਏਸ ਖਰੀਦ ਕੀਤੇ ਗਏ ਹਨ ਅਤੇ ਇਨ੍ਹਾਂ ਗੱਡੀਆ ਨੂੰ ਵਾਰਡਾਂ ਵਿਚ ਰੋਜਾਨਾ ਭੇਜਿਆ ਜਾ ਰਿਹਾ ਹੈ। ਇਨ੍ਹਾਂ ਗੱਡੀਆਂ ਨਾਲ ਘਰਾਂ ਤੋਂ ਹੀ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰ ਕੇ ਲਿਆ ਜਾ ਰਿਹਾ ਹੈ ਅਤੇ ਕੂੜਾ ਸਿੱਧਾ ਹੀ ਐਮ.ਆਰ.ਐਫ ਸੈਂਟਰਾਂ ’ਤੇ ਭੇਜਿਆ ਜਾ ਰਿਹਾ ਹੈ, ਜਿਸ ਨਾਲ ਥਾਂ-ਥਾਂ ’ਤੇ ਲੱਗੇ ਕੂੜੇ ਦੇ ਡੰਪਾਂ ਤੋਂ ਨਿਜਾਤ ਮਿਲੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਹਿਮਾਚਲ ਪ੍ਰਦੇਸ਼ ਵਿਖੇ ਸ਼ਹਿਰ ਅੰਦਰੋਂ ਜਾਣ ਵਾਲੇ ਸ਼ਰਧਾਲੂਆਂ ਲਈ 9 ਲੱਖ ਰੁਪਏ ਦੀਆਂ 2 ਮੋਬਾਇਲ ਟੁਆਇਲਟ ਵੈਨ 8 ਸੀਟਰ ਖਰੀਦ ਕੀਤੀਆ ਗਈਆ ਹਨ, ਜਿਸ ਨਾਲ ਮੇਲੇ ਦੌਰਾਨ ਸ਼ਰਧਾਲੂਆਂ ਨੂੰ ਬਹੁਤ ਜਿਆਦਾ ਲਾਭ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮੁਹੱਲਿਆਂ ਘਰਾਂ ਵਿਚ ਪਾਣੀ ਦੀ ਕਿੱਲਤ ਹੈ, ਉਨ੍ਹਾਂ ਘਰਾਂ ਵਿਚ ਤੁਰੰਤ ਪਾਣੀ ਪਹੁੰਚਾਉਣ ਲਈ ਨਗਰ ਨਿਗਮ ਵੱਲੋਂ 6 ਪਾਣੀ ਦੇ ਟੈਂਕਰਾਂ ਨਾਲ ਨਿਰਵਿਘਨ ਸਪਲਾਈ ਕੀਤੀ ਜਾ ਰਹੀ ਹੈ।
ਸ਼ਹਿਰ ਵਾਸੀਆਂ ਨੂੰ ਡੇਂਗੂ ਤੇ ਮਲੇਰੀਆਂ ਤੋਂ ਬਚਾਉਣ ਲਈ 10 ਲੱਖ ਰੁਪਏ ਦੀ ਦਵਾਈ ਖਰੀਦੀ ਗਈ ਹੈ, ਜਿਸ ਨਾਲ ਵਾਰਡ ਵਾਈਜ ਫੋਗਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਸੀਵਰੇਜ ਦੀ ਬਲਾਕੇਜ ਨੂੰ ਖਤਮ ਕਰਨ ਅਤੇ ਫੌਰੀ ਤੌਰ ’ਤੇ ਹਟਾਉਣ ਲਈ ਸ਼ਹਿਰ ਵਿਚ ਵਿਛੀਆਂ ਹੋਈਆਂ ਲਾਈਨਾਂ ਦੀ ਗਾਰ ਕੱਢਣ ਲਈ 34.50 ਲੱਖ ਰੁਪਏ ਦਾ ਖਰਚਾ ਪ੍ਰਵਾਨ ਕੀਤਾ ਗਿਆ ਹੈ। ਵਾਟਰ ਸਪਲਾਈ/ਸੀਵਰ ਲਾਈਨਾਂ ਪਾਉਣ ਅਤੇ ਪਾਰਕਾਂ ਦੇ ਸੁੰਦਰੀਕਰਨ ਲਈ 1088.45 ਲੱਖ ਰੁਪਏ ਦਾ ਖਰਚਾ ਪ੍ਰਵਾਨ ਕੀਤਾ ਗਿਆ ਹੈ ਅਤੇ ਜਲਦ ਹੀ ਇਸ ਸਬੰਧੀ ਕੰਮ ਸ਼ੁਰੂ ਹੋ ਜਾਵੇਗਾ।
ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਦੀ ਰੋਕਥਾਮ ਲਈ ਉਨ੍ਹਾਂ ਦੀ ਨਸਬੰਦੀ ਕਰਵਾਉਣ ਲਈ ਪਸ਼ੂ ਪਾਲਣ ਵਿਭਾਗ ਨਾਲ ਇਕਰਾਰਨਾਮਾ ਕੀਤਾ ਗਿਆ ਹੈ। ਪਸ਼ੂ ਪਾਲਣ ਡਿਸਪੈਂਸਰੀ ਵਿਚ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ, ਜਿਸ ਨਾਲ ਹੋਲੀ- ਹੋਲੀ ਅਵਾਰਾ ਕੁੱਤਿਆਂ ਤੋਂ ਨਿਜਾਤ ਮਿਲੇਗੀ। ਮੇਅਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਸਿੰਗਲ ਯੂਜ਼ ਪਲਾਸਟਿਕ ਦੀ ਮੁਕੰਮਲ ਤੌਰ ’ਤੇ ਵਰਤੋਂ ਨਾ ਕਰਨ ਅਤੇ ਇਸ ਪਲਾਸਟਿਕ ਰੂਪੀ ਦੈਂਤ ਤੋਂ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਅਤੇ ਆਪਣੇ ਬੱਚਿਆਂ ਨੂੰ ਇਕ ਸਵੱਛ ਅਤੇ ਤੰਦਰੁਸਤ ਵਾਤਾਵਰਣ ਭਵਿੱਖ ਵਿਚ ਦੇਣ ਲਈ ਉਹ ਨਗਰ ਨਿਗਮ ਹੁਸ਼ਿਆਰਪੁਰ ਨੂੰ ਸਹਿਯੋਗ ਦੇਣ। ਅੰਤ ਵਿਚ ਮੇਅਰ ਵਲੋਂ ਸ਼ਹਿਰ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੇ ਸ਼ੁਭ ਦਿਹਾੜੇ ’ਤੇ ਸ਼ਹਿਰ ਵਾਸੀਆਂ ਨੂੰ ਲੱਖ-ਲੱਖ ਵਧਾਈ ਦਿੱਤੀ ਗਈ।