ਵਿਦੇਸ਼ ’ਚ ਕੰਮ ਕਰਨ ਜਾ ਰਹੇ ਨੌਜਵਾਨਾਂ ਲਈ ਕਰਵਾਈ ਜਾਵੇਗੀ ਪੀਡੀਓਟੀ ਦੀ ਟ੍ਰੇਨਿੰਗ : ਗੁਰਪ੍ਰੀਤ ਸਿੰਘ ਗਿੱਲ
ਹੁਸ਼ਿਆਰਪੁਰ, 2 ਜੁਲਾਈ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਿਖੇ ਜ਼ਿਲ੍ਹੇ ਦੇ ਮਾਨਤਾ ਪ੍ਰਾਪਤ ਟ੍ਰੈਵਲ ਏਜੰਟਾਂ ਨਾਲ ਪ੍ਰੀ-ਡਿਪਾਰਚਰ ਓਰੀਐਂਟੇਸ਼ਨ ਟ੍ਰੇਨਿੰਗ (ਪੀ.ਡੀ.ਓ.ਟੀ) ਦੇ ਸਬੰਧ ਵਿਚ ਮੀਟਿੰਗ ਹੋਈ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸੰਦੀਪ ਕੁਮਾਰ ਦੀ ਮੌਜੂਦਗੀ ਵਿਚ ਹੋਈ ਇਸ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ ਦੱਸਿਆ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵਲੋਂ ਪੰਜਾਬ ਵਿਚ ਪੀ.ਡੀ.ਟੀ.ਓ.ਟੀ ਟ੍ਰੇਨਿੰਗ ਸੈਂਟਰ ਸਥਾਪਿਤ ਕੀਤੇ ਗਏ ਹਨ, ਜਿਸ ਵਿਚ ਈ.ਸੀ.ਆਰ ਦੇਸ਼ਾਂ ਵਿਚ ਜਾਣ ਵਾਲੇ ਪ੍ਰਾਰਥੀਆਂ ਨੂੰ 8 ਘੰਟੇ ਦੀ ਮੁਫ਼ਤ ਸਰਟੀਫਾਈਡ ਟ੍ਰੇਨਿੰਗ ਮੁਹੱਈਆ ਕਰਵਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਵਿਚ ਉਨ੍ਹਾਂ ਨੂੰ ਬਾਹਰਲੇ ਦੇਸ਼ ਵਿਚ ਆਉਣ ਵਾਲੀਆਂ ਔਕੜਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਅਤੇ ਨਾਲ ਹੀ ਉਨ੍ਹਾ ਨੂੰ ਬਾਹਰਲੇ ਦੇਸ਼ਾ ਦੇ ਰਹਿਣ-ਸਹਿਣ ਦੇ ਤੌਰ-ਤਰੀਕੇ, ਗੱਲਬਾਤ, ਕਿਹੜੀਆਂ ਚੀਜ਼ਾਂ ਕਰਨ ਵਾਲੀਆਂ ਹਨ ਅਤੇ ਕਿਹੜੀਆਂ ਚੀਜ਼ਾਂ ਦਾ ਗੁਰੇਜ਼ ਕਰਨਾ ਹੈ, ਇਸ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਜਾਂਦੀ ਹੈ। ਮੌਕੇ ਪਲੇਸਮੈਂਟ ਅਫ਼ਸਰ-ਕਮ-ਮਾਸਟਰ ਟ੍ਰੇਨਰ ਪੀ.ਡੀ.ਓ.ਟੀ ਰਾਕੇਸ਼ ਕੁਮਾਰ ਵੱਲੋਂ ਕਰਵਾਈ ਜਾਂਦੀ ਟ੍ਰੇਨਿੰਗ ਦੀ ਰੂਪ-ਰੇਖਾ ਬਾਰੇ ਜਾਣੂ ਕਰਵਾਇਆ ਗਿਆ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਲੋਂ ਅੰਤ ਵਿਚ ਸਾਰੇ ਮਾਨਤਾ ਪ੍ਰਾਪਤ ਟ੍ਰੈਵਲ ਏਜੰਟਾਂ ਨੂੰ ਅਪੀਲ ਕੀਤੀ ਗਈ ਕਿ ਜੇ ਉਨ੍ਹਾਂ ਦੁਆਰਾ ਕੋਈ ਵੀ ਪ੍ਰਾਰਥੀ ਕੰਮ ਕਰਨ ਲਈ ਬਾਹਰ ਜਾਂਦਾ ਹੈ ਤਾਂ ਉਨ੍ਹਾ ਦੀ ਟ੍ਰੇਨਿੰੰਗ ਕਰਵਾਉਣੀ ਯਕੀਨੀ ਬਣਾਈ ਜਾਵੇ ਅਤੇ ਨਾਲ ਹੀ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਇਆ ਜਾਵੇ। ਅੰਤ ਜ਼ਿਲ੍ਹਾ ਰੋਜਗਾਰ ਅਫ਼ਸਰ ਨੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।