ਮਾਤਰੀ ਮੌਤਾਂ ਦਾ ਸਮੀਖਿਆ ਕਰਨ ਲਈ ਮੈਟਰਨਲ ਡੈਥ ਰੀਵਿਓ ਕਮੇਟੀ ਦੀ ਹੋਈ ਮੀਟਿੰਗ
ਹੁਸਿ਼ਆਰਪੁਰ 2 ਜੁਲਾਈ 2024: ਜੱਚਾ-ਬੱਚਾ ਸਿਹਤ ਸੇਵਾਂਵਾਂ ਅਧੀਨ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਂਵਾਂ ਅਤੇ ਔਰਤਾਂ ਦੀ ਮਾਤਰੀ ਮੌਤ ਦਰ ਵਿੱਚ ਸੁਧਾਰ ਲਿਆਉਣ ਲਈ ਜ਼ਿਲ੍ਹਾ ਪੱਧਰ ਤੇ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਜੀ ਦੇ ਨਿਰਦੇਸ਼ਾਂ ਅਨੁਸਾਰ ਮਾਤਰੀ ਮੌਤਾਂ ਦੇ ਕਾਰਨਾਂ ਨੂੰ ਰੀਵਿਓ ਕਰਨ ਲਈ ਬਣਾਈ ਗਈ ਮੈਟਰਨਲ ਡੈਥ ਰੀਵਿਊ ਕਮੇਟੀ ਦੀ ਮੀਟਿੰਗ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ ਅਨੀਤਾ ਕਟਾਰੀਆ ਦੀ ਅਗਵਾਈ ਹੇਠ ਦਫਤਰ ਸਿਵਲ ਸਰਜਨ ਵਿਖੇ ਕੀਤੀ ਗਈ।
ਜਿਸ ਵਿਚ ਸੰਬੰਧਤ ਸੀਨੀਅਰ ਮੈਡੀਕਲ ਅਫਸਰ, ਐਲ.ਐਚ.ਵੀ, ਏ.ਐਨ.ਐਮ. ਅਤੇ ਅੰਤਰੀਵੀ ਕਮੇਟੀ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਜ਼ਿਲ੍ਹਾ ਹੁਸਿ਼ਆਰਪੁਰ ਵਿੱਚ ਇਸ ਮਹੀਨੇ ਦੌਰਾਨ ਹੋਈਆਂ ਦੋ ਮੌਤਾਂ ਦਾ ਰੀਵਿਊ ਕੀਤਾ ਗਿਆ।
ਇਸ ਮੌਕੇ ਚਰਚਾ ਕਰਦਿਆਂ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅਨੀਤਾ ਕਟਾਰੀਆ ਨੇ ਕਿਹਾ ਕਿ ਮਾਤਰੀ ਮੌਤਾਂ ਦੀ ਘੋਖ ਕਰਨ ਤੇ ਬਾਅਦ ਇਹ ਤੱਥ ਨਿਕਲ ਕੇ ਸਾਹਮਣੇ ਆਏ ਹਨ ਕਿ ਜਿਆਦਾਤਰ ਮੌਤਾਂ ਦਾ ਕਾਰਨ ਹਾਈਰਿਸਕ ਪ੍ਰੈਗਨੈਸੀ ਸੀ ਜਿਨਾਂ ਗਰਭਵਤੀ ਔਰਤਾਂ ਵੱਲੋਂ ਸਮੇਂ ਸਿਰ ਉਪਚਾਰ ਨਹੀ ਲਿਆ ਗਿਆ।
ਉਨਾਂ ਕਿਹਾ ਕਿ ਹਾਈਰਿਸਕ ਗਰਭਵਤੀ ਔਰਤਾਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਉਨਾਂ ਦੇ ਵਾਧੂ ਚੈਕਅਪ ਕੀਤੇ ਜਾਣ ਤਾਂ ਕਿ ਲੋੜ ਪੈਣ ਤੇ ਸਮੇਂ ਰਹਿੰਦਿਆਂ ਉਨਾਂ ਨੂੰ ਸਿਹਤ ਸਹੂਲਤਾਂ ਮੁੱਹਈਆ ਕਰਵਾ ਕੇ ਮਾਤਰੀ ਮੌਤ ਦਰ ਨੂੰ ਘੱਟਾਇਆ ਜਾ ਸਕੇ । ਉਹਨਾਂ ਸੀਨੀਅਰ ਮੈਡੀਕਲ ਅਫਸਰਾਂ ਅਤੇ ਬਾਕੀ ਫੀਲਡ ਸਟਾਫ ਨੂੰ ਕਿਹਾ ਕਿ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਵਾਸਤੇ ਲੋੜੀਦੇ ਉਪਰਾਲੇ ਕੀਤੇ ਜਾਣ।
ਉਨਾਂ ਕਿਹਾ ਕਿ ਹਰ ਗਰਭਵਤੀ ਔਰਤ ਦੀ ਅਰਲੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਇਆ ਜਾਵੇ। ਉਸ ਦੇ ਸਾਰੇ ਚੈਕਅਪ ਜਿਵੇਂ ਕਿ ਵਜ਼ਨ, ਬਲੱਡ ਪ੍ਰੈਸ਼ਰ, ਸ਼ੂਗਰ ਐਚਬੀ, ਥਾਇਰਾਇਡ, ਹੈਪੈਟਾਇਟਸ, ਸਕੈਨ, ਈ.ਸੀ.ਜੀ ਅਤੇ ਹੋਰ ਜਰੂਰੀ ਚੈਕ ਅਪ ਸਮੇਂ ਸਿਰ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਸਮਾਂ ਰਹਿੰਦੀਆਂ ਕਿਸੇ ਵੀ ਮੁਸ਼ਕਿਲ ਦਾ ਪਤਾ ਲਗਾ ਕੇ ਉਸ ਦਾ ਇਲਾਜ਼ ਕੀਤਾ ਜਾ ਸਕੇ ।
ਸਿਹਤ ਸੰਸਥਾਂਵਾਂ ਵਿਖੇ ਹਰ ਮਹੀਨੇ ਦੀ 9 ਅਤੇ 23 ਤਰੀਕ ਨੂੰ ਪੀ.ਐਮ.ਐਸ.ਐਮ.ਏ ਵਾਲੇ ਦਿਨ ਗਰਭਵਤੀ ਔਰਤਾਂ ਦਾ ਮਾਹਿਰ ਡਾਕਟਰਾਂ ਵਲੋਂ ਲੋੜੀਦੇ ਚੈਕ-ਅਪ ਅਤੇ ਟੈਸਟ ਯਕੀਨੀ ਬਣਾਏ ਜਾਣ।