ਜੂਨ ਮਹੀਨਾ ਕਲੱਬਫੁੱਟ ਜਾਗਰੂਕਤਾ ਮਹੀਨੇ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ: ਡਾ ਸੀਮਾ ਗਰਗ
ਹੁਸ਼ਿਆਰਪੁਰ 3 ਜੂਨ 2024 : ਵਿਸ਼ਵ ਕਲੱਬਫੁੱਟ ਦਿਵਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਵੱਲੋਂ ਕਲੱਬਫੁੱਟ ਦੇ ਇਲਾਜ ਅਤੇ ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਤਹਿਤ ਕਲੱਬਫੁੱਟ ਦੇ ਕੀਤੇ ਜਾਂਦੇ ਮੁਫ਼ਤ ਇਲਾਜ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਡਾ ਸੀਮਾ ਗਰਗ ਨੇ ਦੱਸਿਆ ਕਿ ਹਰ ਸਾਲ 3 ਜੂਨ ਨੂੰ ਵਿਸ਼ਵ ਕਲੱਬਫੁੱਟ ਦਿਵਸ ਮਨਾਇਆ ਜਾਂਦਾ ਹੈ ਅਤੇ ਕਲੱਬਫੁੱਟ ਤੋਂ ਪ੍ਰਭਾਵਿਤ ਲੋਕਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਉਹ ਇੱਕ ਦੂਜੇ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰ ਸਕਣ। ਇਹ ਇਸ ਜਮਾਂਦਰੂ ਅਪੰਗਤਾ ਲਈ ਜਾਗਰੂਕਤਾ ਫੈਲਾਉਣ ਦਾ ਵੀ ਦਿਨ ਹੈ। ਉਨ੍ਹਾ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਜੂਨ ਦਾ ਪੂਰਾ ਮਹੀਨਾ ਕਲੱਬਫੁੱਟ ਜਾਗਰੂਕਤਾ ਮਹੀਨੇ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ।
ਡਾ ਸੀਮਾ ਨੇ ਦੱਸਿਆ ਕਿ ਕਲੱਬਫੁੱਟ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ ਕਿ ਪੈਰ ਅੰਦਰ ਵੱਲ ਅਤੇ ਹੇਠਾਂ ਵੱਲ ਮੁੜੇ ਹੋਏ ਹੁੰਦੇ ਹਨ। ਜੇ ਇਲਾਜ ਨਾ ਕੀਤਾ ਜਾਵੇ, ਤਾਂ ਇਹ ਅਪਾਹਜਤਾ ਤੁਰਨਾ ਬਹੁਤ ਮੁਸ਼ਕਲ ਅਤੇ ਦਰਦਨਾਕ ਬਣਾਉਂਦੀ ਹੈ। ਕਲੱਬਫੁੱਟ ਵਾਲੇ ਬੱਚਿਆਂ ਨੂੰ ਖਿੱਚਣ ਅਤੇ ਕਾਸਟਾਂ ਦੀ ਵਰਤੋਂ ਕਰਕੇ 95% ਠੀਕ ਕੀਤਾ ਜਾ ਸਕਦਾ ਹੈ। ਇਸ ਸਰਜਰੀ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਕੋਈ ਤਕਲੀਫ਼ ਨਹੀਂ ਹੁੰਦੀ। ਜਦੋਂ ਜਨਮ ਤੋਂ ਬਾਅਦ ਪਹਿਲੇ ਤਿੰਨ ਹਫ਼ਤਿਆਂ ਦੇ ਅੰਦਰ ਇਲਾਜ ਸ਼ੁਰੂ ਹੁੰਦਾ ਹੈ, ਤਾਂ ਜ਼ਿਆਦਾਤਰ ਬੱਚੇ ਬਿਨਾਂ ਕਿਸੇ ਸਰੀਰਕ ਲੱਛਣਾਂ, ਦਰਦ, ਜਾਂ ਕਲੱਬਫੁੱਟ ਕਾਰਨ ਚੱਲਣ ਵਿੱਚ ਮੁਸ਼ਕਲ ਦੇ ਵੱਡੇ ਹੋ ਜਾਂਦੇ ਹਨ।
ਡਾ ਸੀਮਾ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਤਹਿਤ ਆਂਗਨਵਾੜੀ ਕੇਂਦਰਾਂ ਵਿੱਚ ਰਜਿਸਟਰਡ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦਾ 31 ਜਮਾਂਦਰੂ ਬੀਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਜਿਨਾਂ ਵਿੱਚ ਕਲੱਬਫੁੱਟ ਵੀ ਸ਼ਾਮਿਲ ਹੈ। ਪਿਛਲੇ ਸਾਲ ਤੋਂ ਹੁਣ ਤੱਕ 13 ਬੱਚਿਆ ਦੇ ਕਲੱਬਫੁੱਟ ਦਾ ਇਲਾਜ ਆਰਬੀਐਸਕੇ ਅਧੀਨ ਸਫਲਤਾਪੂਰਵਕ ਮੁਫਤ ਕੀਤਾ ਜਾ ਚੁੱਕਿਆ ਹੈ। ਕਲੱਬਫੁੱਟ ਦਾ ਇਲਾਜ ਜ਼ਿਲਾ ਹਸਪਤਾਲ ਪੱਧਰ ਤੇ ਹੀ ਉਪਲੱਬਧ ਹੈ। ਇਸਦੇ ਇਲਾਜ ਲਈ ਜਿਲਾ ਹਸਪਤਾਲ ਹੁਸ਼ਿਆਰਪੁਰ ਵਿੱਚ ਸਥਾਪਤ ਡੀ.ਆਈ.ਈ.ਸੀ ਸੈਂਟਰ ਜਾਂ ਦਫਤਰ ਸਿਵਲ ਸਰਜਨ ਦੀ ਟੀਕਾਕਰਨ ਸ਼ਾਖਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।