ਜਨਰਲ ਤੇ ਖ਼ਰਚਾ ਅਬਜ਼ਰਵਰ ਨੇ ਚੋਣਾਂ ਸਬੰਧੀ ਗਠਿਤ ਵੱਖ-ਵੱਖ ਸੈੱਲਾਂ ਦਾ ਕੀਤਾ ਅਚਨਚੇਤ ਨਿਰੀਖਣ
ਹੁਸ਼ਿਆਰਪੁਰ, 21 ਮਈ : ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹੁਸ਼ਿਆਰਪੁਰ ਲਈ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰ 2003 ਬੈਚ ਤਾਮਿਲਨਾਡੂ ਕੇਡਰ ਦੇ ਆਈ.ਏ.ਐਸ ਅਫ਼ਸਰ ਡਾ. ਆਰ. ਆਨੰਦਕੁਮਾਰ ਅਤੇ ਖ਼ਰਚਾ ਅਬਜ਼ਰਵਰ 2008 ਬੈਚ ਦੇ ਆਈ.ਆਰ.ਐਸ (ਸੀ.ਐਂਡ.ਸੀ.ਈ) ਅਫ਼ਸਰ ਪਵਨ ਕੁਮਾਰ ਖੇਤਾਨ ਨੇ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨਾਲ ਕੰਟਰੋਲ ਰੂਮ, ਮੀਡੀਆ ਮੋਨੀਟਰਿੰਗ ਸੈੱਲ ਅਤੇ ਵੈੱਬ ਕਾਸਟਿੰਗ ਸੈੱਲ ਦਾ ਅਚਨਚੇਤ ਨਿਰੀਖਣ ਕੀਤਾ।
ਇਸ ਦੌਰਾਨ ਉਨਾਂ ਨੇ ਕੰਟਰੋਲ ਰੂਮ, ਮੀਡੀਆ ਮੋਨੀਟਰਿੰਗ ਸੈੱਲ ਅਤੇ ਵੈੱਬ ਕਾਸਟਿੰਗ ਸੈੱਲ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕਰਦਿਆਂ ਹਦਾਇਤ ਕੀਤੀ ਕਿ ਸਾਰੇ ਸੈੱਲ ਮੁਸਤੈਦੀ ਨਾਲ ਕੰਮ ਕਰਨ। ਉਨ੍ਹਾਂ ਮੀਡੀਆ ਮੋਨੀਟਰਿੰਗ ਸੈੱਲ ਦਾ ਦੌਰਾ ਕਰਦਿਆਂ ਨਿਰਦੇਸ਼ ਦਿੱਤੇ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ 24 ਘੰਟੇ ਬਾਰੀਕੀ ਨਾਲ ਨਜ਼ਰ ਰੱਖਣੀ ਯਕੀਨੀ ਬਣਾਈ ਜਾਵੇ, ਤਾਂ ਜੋ ਪੇਡ ਨਿਊਜ਼ ਅਤੇ ਬਿਨ੍ਹਾਂ ਮਨਜ਼ੂਰੀ ਵਿਗਿਆਪਨ ਟੈਲੀਕਾਸਟ ਹੋਣ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਵੱਲੋਂ ਇਲੈਕਟ੍ਰਾਨਿਕ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਵਿਗਿਆਪਨ ਟੈਲੀਕਾਸਟ ਕਰਵਾਉਣ ਲਈ ਪ੍ਰੀ-ਸਰਟੀਫਿਕੇਸ਼ਨ ਜ਼ਰੂਰੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਵਿਗਿਆਪਨ ਟੈਲੀਕਾਸਟ ਹੋਣ ਤੋਂ ਤਿੰਨ ਦਿਨ ਪਹਿਲਾਂ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ ਨੂੰ ਮਨਜ਼ੂਰੀ ਲਈ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਐਮ.ਸੀ.ਐਮ.ਸੀ ਵੱਲੋਂ 48 ਘੰਟੇ ਵਿਚ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰ ਵੱਲੋਂ ਬਲਕ ਐਸ.ਐਮ.ਐਸ, ਵਾਇਸ ਮੈਸੇਜ ਤੋਂ ਇਲਾਵਾ ਰੇਡੀਓ ਅਤੇ ਸਿਨੇਮਾ ਹਾਲ ਲਈ ਵੀ ਪ੍ਰੀ-ਸਰਟੀਫਿਕੇਟ ਲੈਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਗਿਆਪਨ ਟੈਲੀਕਾਸਟ ਕਰਵਾਉਣ ਦੀ ਮਨਜ਼ੂਰੀ ਲੈਣ ਲਈ ਕਮਰਾ ਨੰਬਰ 312-ਏ, ਤੀਸਰੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ ਵੱਲੋਂ ਸੋਸ਼ਲ ਮੀਡੀਆ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਵਾਲੇ ਦਿਨ ਅਤੇ ਵੋਟਾਂ ਤੋਂ ਇਕ ਦਿਨ ਪਹਿਲਾਂ ਕੋਈ ਵੀ ਰਾਜਨੀਤਿਕ ਵਿਗਿਆਪਨ ਪ੍ਰਿੰਟ ਮੀਡੀਆ ਵਿਚ ਪ੍ਰਕਾਸ਼ਿਤ ਕਰਵਾਉਣ ਲਈ ਪਹਿਲਾਂ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਐਂਡ ਮੀਡੀਆ ਮੋਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ) ਤੋਂ ਅਗੇਤੀ ਮਨਜ਼ੂਰੀ ਲੈਣੀ ਜ਼ਰੂਰੀ ਹੈ ਅਤੇ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਪ੍ਰਿੰਟ ਮੀਡੀਆ ਵਿਚ ਵਿਗਿਆਪਨ ਪ੍ਰਕਾਸ਼ਿਤ ਕਰਵਾਇਆ ਜਾ ਸਕੇਗਾ।
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਤਹਿਸੀਲਦਾਰ ਚੋਣਾਂ ਸਰਬਜੀਤ ਸਿੰਘ, ਐਮ.ਸੀ.ਐਮ.ਸੀ ਮੈਂਬਰ ਸੰਜੀਵ ਕੁਮਾਰ ਬਖਸ਼ੀ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ, ਜ਼ਿਲ੍ਹਾ ਸਿਸਟਮ ਮੈਨੇਜਰ ਚਰਨ ਕੰਵਲ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਮੰਗੇਸ਼ ਸੂਦ, ਚੋਣ ਕਾਨੂੰਗੋ ਦੀਪਕ ਕੁਮਾਰ, ਅਦਿੱਤਿਆ ਰਾਣਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।