ਝੂਠੀਆਂ ਨੌਕਰੀਆਂ ਵੰਡਣ ਦਾ ਸਰਕਾਰ ਤੋਂ ਬਦਲਾ ਲੈਣਗੇ ਬੇਰੁਜ਼ਗਾਰ: ਤਲਵਾੜ

ਹੁਸ਼ਿਆਰਪੁਰ: ਅਕਾਲੀ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਚੱਲ ਰਹੀ ਚੋਣ ਮੁਹਿੰਮ ਨੂੰ ਹਲਕਾ ਵਾਸੀਆਂ ਵੱਲੋਂ ਭਰਵਾਂ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਪ੍ਰਚਾਰ ਦੌਰਾਨ ਅਕਾਲੀ ਆਗੂ ਤੇ ਵਰਕਰ ਲੋਕਾਂ ਨੂੰ ਅਕਾਲੀ ਦਲ ਦੀਆਂ ਨੀਤੀਆਂ ਅਤੇ ਵਿਰੋਧੀ ਪਾਰਟੀਆਂ ਦੀ ਵਾਅਦਾ ਖਿਲਫੀ ਤੋਂ ਜਾਣੂ ਕਰਵਾ ਰਹੇ ਹਨ।
ਮੁਹਿੰਮ ਤਹਿਤ ਅੱਜ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨੌਜਵਾਨ ਇੰਦਰਜੀਤ ਕੰਗ ਜ਼ਿਲ੍ਹਾ ਪ੍ਰਧਾਨ ਦਿਹਾਤੀ ਅਤੇ ਅਮਰਿੰਦਰ ਸਿੰਘ ਹੁਸੈਨਪੁਰੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਦੀ ਅਗਵਾਈ ਹੇਠ ਦਿਨ-ਰਾਤ ਤਨਦੇਹੀ ਨਾਲ ਮੁਹਿੰਮ ਚਲਾਈ ਜਾ ਰਹੀ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ ਨੇ ਕਿਹਾ ਕਿ ਸ਼ਹਿਰੀ ਪ੍ਰਧਾਨ ਅਮਰਿੰਦਰ ਹੁਸੈਨਪੁਰੀ ਜਿੱਥੇ ਨੌਜਵਾਨਾਂ ਨਾਲ ਪੈਦਲ ਯਾਤਰਾ ਕਰਕੇ ਹਲਕਾ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਸਮਝਾ ਰਹੇ ਹਨ, ਉੱਥੇ ਹੀ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਝੂਠੀਆਂ ਨੌਕਰੀਆਂ ਦੇ ਕੇ ਉਹਨਾਂ ਦੀਆਂ ਭਾਵਨਾਵਾਂ ਨਾਲ ਕੀਤੇ ਗਏ ਖਿਲਵਾੜ ਬਾਰੇ ਵੀ ਦੱਸਿਆ ਜਾ ਰਿਹਾ ਹੈ।


ਇਸ ਦੇ ਨਾਲ ਹੀ ਦਿਹਾਤੀ ਪ੍ਰਧਾਨ ਕੰਗ ਦੀ ਦੇਖ-ਰੇਖ ਹੇਠ ਨੌਜਵਾਨ ਹਰ ਘਰ ਅਕਾਲੀ ਦਲ ਦੀ ਮੁਹਿੰਮ ਸਬੰਧੀ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਮਿਲ ਰਹੇ ਹਨ। ਹਰ ਘਰ ਵਿੱਚ ਅਕਾਲੀ ਦਲ ਪ੍ਰੋਗਰਾਮ ਤਹਿਤ ਨੌਜਵਾਨ ਆਗੂ ਸੋਮਣੀ ਅਕਾਲੀ ਦਲ ਦਾ ਝੰਡਾ ਲਗਾ ਕੇ ਸ੍ਰੀ ਠੰਡਲ ਦੇ ਹੱਕ ਵਿੱਚ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਚੋਣ ਪ੍ਰਚਾਰ ਦੌਰਾਨ ਲੋਕਾਂ ਨੇ ਭਰੋਸਾ ਦਿਵਾਇਆ ਕਿ ਉਹ ਇਸ ਚੋਣ ਵਿੱਚ ਸੋਹਣ ਸਿੰਘ ਠੰਡਲ ਨੂੰ ਹੀ ਵੋਟ ਨਹੀਂ ਪਾਉਣਗੇ ਸਗੋਂ ਸ. ਪ੍ਰਕਾਸ਼ ਸਿੰਘ ਬਾਦਲ ਵੱਲੋੰ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਮੌਕੇ ਦੀ ਸਰਕਾਰ ਵੱਲੋਂ ਬਰਬਾਦ ਕੀਤੇ ਜਾਣ ਦਾ ਵੀ ਬਦਲਾ ਲੈਣਗੇ।

ਇਸ ਮੌਕੇ ਅਕਾਲੀ ਜਸਵਿੰਦਰ ਸਿੰਘ, ਰਾਮ ਸਿੰਘ ਪਰਮਿੰਦਰ ਸਿੰਘ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਚੋਣ ਪ੍ਰਚਾਰ ਵਿਚ ਹਿੱਸਾ ਲਿਆ |