ਗੜ੍ਹਸ਼ੰਕਰ ਵਿਧਾਨ ਸਭਾ ਹਲਕਾ ਗ੍ਰੀਨ ਚੋਣਾਂ ਦੇ ਮਾਡਲ ਦੇ ਰੂਪ ’ਚ ਕਰੇਗਾ ਕੰਮ : ਡਾ. ਹੀਰਾ ਲਾਲ
ਹੁਸ਼ਿਆਰਪੁਰ/ਗੜ੍ਹਸ਼ੰਕਰ 19 ਮਈ: ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਅੱਜ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦਾ ਦੌਰਾ ਕਰਦਿਆਂ ਗ੍ਰੀਨ ਚੋਣ ਅਭਿਆਨ ਦੀ ਸ਼ੁਰੂਆਤ ਕਰਵਾਈ ਅਤੇ ਕਿਹਾ ਕਿ ਗੜ੍ਹਸ਼ੰਕਰ ਵਿਧਾਨ ਸਭਾ ਹਲਕਾ ਗ੍ਰੀਨ ਚੋਣਾਂ ਦੇ ਮਾਡਲ ਦੇ ਰੂਪ ਵਿਚ ਕੰਮ ਕਰੇਗਾ। ਇਸ ਦੌਰਾਨ ਉਨ੍ਹਾਂ ਨਾਲ ਐਸ.ਡੀ.ਐਮ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬੱਲ ਵੀ ਮੌਜੂਦ ਸਨ।
ਜਨਰਲ ਅਬਜ਼ਰਵਰ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ ’ਗ੍ਰੀਨ ਚੋਣਾਂ’ ਕਰਵਾਉਣ ਦੇ ਦਿੱਤੇ ਨਾਅਰੇ ਨੂੰ ਜ਼ਮੀਨੀ ਹਕੀਕਤ ਵਿਚ ਬਦਲਣ ਦੇ ਉਦੇਸ਼ ਨਾਲ ਉਹ ਅੱਜ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਗੜ੍ਹਸ਼ੰਕਰ ਵਿਚ ਆਏ ਸਨ। ਇਸ ਦੌਰਾਨ ਮਾਹਿਲਪੁਰ ਵਿਚ ਆਯੋਜਿਤ ਪੋਲਿੰਗ ਪਾਰਟੀਆਂ ਦੀ ਰਿਹਰਸਲ ਦੌਰਾਨ ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਕਾਰਬਨ ਨਿਕਾਸੀ ਨੂੰ ਘਟਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਸਿਖਲਾਈ, ਟੀਮਾਂ ਦੀ ਰਵਾਨਗੀ ਅਤੇ ਵਾਪਸੀ ਅਤੇ ਗਿਣਤੀ ਦੌਰਾਨ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਨਿਸ਼ਚਿਤ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ’ਗ੍ਰੀਨ ਚੋਣਾਂ’ ਦੇ ਸੰਕਲਪ ਦੀ ਰੋਸ਼ਨੀ ਵਿਚ ਸਾਡਾ ਨਾਅਰਾ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਵਾਤਾਵਰਣ ਅਨੁਕੂਲ ਚੋਣ ਪ੍ਰਕਿਰਿਆਂ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਸ ਉਦੇਸ਼ ਨਾਲ ਜਿਥੇ ਰਾਜਨੀਤਿਕ ਪਾਰਟੀਆਂ/ਉਮੀਦਵਾਰਾਂ ਨੂੰ ’ਸਿੰਗਲ ਯੂਜ਼ ਪਲਾਸਟਿਕ’ ਦੀ ਵਰਤੋਂ ਨਾ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਉਥੇ ਚੋਣ ਵਿਵਸਥਾ ਵਿਚ ਲੱਗਾ ਸਰਕਾਰੀ ਅਮਲਾ ਵੀ ਇਸ ਗ੍ਰੀਨ ਚੋਣ ਅਭਿਆਨ ਦਾ ਹਿੱਸਾ ਬਣੇ। ਉਨ੍ਹਾਂ ਇਸ ਦੌਰਾਨ ਪੋਲਿੰਗ ਸਟਾਫ਼ ਨੂੰ ਪੌਦੇ ਵੀ ਵੰਡੇ।
ਜਨਰਲ ਚੋਣ ਅਬਜ਼ਰਵਰ ਡਾ. ਹੀਰਾ ਲਾਲ ਨੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ ਕਿ ਜਦ ਅਸੀਂ ਚੋਣ ਕਰਮਚਾਰੀਆਂ ਨੂੰ ਸਿਖਲਾਈ ਦਿੰਦੇ ਹਨ, ਤਾਂ ਸਾਨੂੰ ਉਸ ਸਥਾਨ ’ਤੇ ਕਚਰਾ ਬਿਲਕੁਲ ਨਹੀਂ ਸੁੱਟਣਾ ਚਾਹੀਦਾ ਅਤੇ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਪ੍ਰਕਾਰ ਜਿਸ ਦਿਨ ਪੋਲਿੰਗ ਪਾਰਟੀਆਂ ਨੂੰ ਡਿਸਪੈਚ ਕੇਂਦਰਾਂ ਤੋਂ ਪੋਲਿੰਗ ਕੇਂਦਰਾਂ ਲਈ ਰਵਾਨਾ ਕੀਤਾ ਜਾਣਾ ਹੈ ਅਤੇ ਬਾਅਦ ਵਿਚ ਸ਼ਾਮ ਨੂੰ ਜਦ ਈ.ਵੀ.ਐਮ ਜਮ੍ਹਾ ਕੀਤੀ ਜਾਣੀ ਹੈ, ਤਾਂ ਵੀ ਸਵੱਛਤਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਅਤੇ ’ਸਿੰਗਲ ਯੂਜ਼ ਪਲਾਸਟਿਕ’ ਤੋਂ ਗੁਰੇਜ਼ ਕਰਨ।
ਪੋਲਿੰਗ ਸਟੇਸ਼ਨਾਂ ’ਤੇ ’ਗ੍ਰੀਨ ਚੋਣ’ ਅਭਿਆਨ ਦੇ ਪੂਰਨ ਸਹਿਯੋਗ ਲਈ ਪੋਲਿੰਗ ਪਾਰਟੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦੇਣ ਲਈ ਉਨ੍ਹਾਂ ਨੇ ਸਹਾਇਕ ਰਿਟਰਨਿੰਗ ਅਫਸਰ ਨੂੰ ਯੋਜਨਾ ਬਣਾਉਣ ਲਈ ਕਿਹਾ। ਉਨ੍ਹਾਂ ਵੋਟਾਂ ਵਾਲੇ ਦਿਨ ਸਾਰੇ ਪੋਲਿੰਗ ਕੇਂਦਰਾਂ ’ਤੇ ਆਉਣ ਵਾਲੇ ਵੋਟਰਾਂ ਲਈ ਵੱਧ ਤੋਂ ਵੱਧ ਸੁਵਿਧਾਵਾਂ ਦੇ ਪ੍ਰਬੰਧ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਵੱਖ-ਵੱਖ ਪ੍ਰਕਾਰ ਦੇ ਪੌਦਿਆਂ ਦਾ ਇੰਤਜ਼ਾਮ ਕਰਨ ਨੂੰ ਕਿਹਾ, ਤਾਂ ਪੋਲਿੰਗ ਕੇਂਦਰਾਂ ’ਤੇ ਵੋਟ ਪਾਉਣ ਆਏ ਵੋਟਰ ਪੋਲਿੰਗ ਬੂਥ ਤੋਂ ਮਿਲੇ ਪੌਦਿਆਂ ਨੂੰ ਆਪਣੇ ਘਰ ਜਾਂ ਖੇਤ ਵਿਚ ਲਗਾ ਕੇ ਲੋਕਤੰਤਰ ਦਾ ਤਿਉਹਾਰ ਮਨਾਉਣ।
ਇਸ ਮੌਕੇ ਉਨ੍ਹਾਂ ਚੋਣ ਪ੍ਰਕਿਰਿਆ ਵਿਚ ਬਿਹਤਰੀਨ ਭੂਮਿਕਾ ਨਿਭਾਉਣ ਵਾਲੇ ਬੀ.ਐਲ.ਓਜ਼ ਨੂੰ ਵੀ ਉਤਸ਼ਾਹਿਤ ਕੀਤਾ ਅਤੇ ਪੌਦੇ ਲਗਾ ਕੇ ਗ੍ਰੀਨ ਚੋਣ ਅਭਿਆਨ ਦੀ ਸ਼ੁਰੂਆਤ ਵੀ ਕਰਵਾਈ। ਇਸ ਮੌਕੇ ਹੋਰ ਅਧਿਕਾਰੀ ਵੀ ਮੌਜੂਦ ਸਨ।