ਹੁਸਿਆਰਪੁਰ ਬਣੇਗਾ ਹੁਸ਼ਿਆਰ, ਤਾਂ ਹੀ ਹੋਵੇਗਾ 70 ਫੀਸਦੀ ਪਾਰ
ਹੁਸ਼ਿਆਰਪੁਰ,15 ਮਈ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਲੋਕ ਸਭਾ ਚੋਣਾਂ-2024 ਵਿਚ 70 ਫ਼ੀਸਦੀ ਤੋਂ ਵੱਧ ਵੋਟ ਪ੍ਰਤੀਸ਼ਤਤਾ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸਵੀਪ ਪ੍ਰੀਤ ਕੋਹਲੀ ਅਤੇ ਸਹਾਇਕ ਸਵੀਪ ਨੋਡਲ ਅਫਸਰ ਅੰਕੁਰ ਸ਼ਰਮਾ ਦੇ ਦਿਸ਼ਾ–ਨਿਰਦੇਸ਼ਾਂ ਹੇਠ ਸਵੀਪ ਟੀਮ ਹੁਸ਼ਿਆਰਪੁਰ , ਚੱਬੇਵਾਲ, ਗੜ੍ਹਸ਼ੰਕਰ, ਸ਼ਾਮ ਚੌਰਾਸੀ, ਉੜਮੁੜ, ਦਸੂਹਾ ਅਤੇ ਮੁਕੇਰੀਆਂ ਵੱਲੋਂ ਜ਼ਿਲ੍ਹੇ ਦੇ 7 ਹਲਕਿਆਂ ਦੀਆਂ ਧਾਰਮਿਕ ਸੰਸਥਾਵਾਂ ਵਿਚ ਸਵੀਪ ਟੀਮਾਂ ਨੇ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਅਤੇ ਇਲਾਕਾ ਵਾਸੀਆਂ ਅਤੇ ਆਮ ਜਨਤਾ ਨੂੰ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਅਗਲੇ ਮਹੀਨੇ ਦੀ ਇਕ ਤਰੀਕ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ। ਟੀਮ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀਆਂ ਵੱਲੋਂ ਆਈ ਹੋਈ ਸੰਗਤ ਨੂੰ ਵੋਟ ਪਾਉਣ ਦੀ ਬੇਨਤੀ ਵੀ ਕੀਤੀ ਗਈ।
ਇਨ੍ਹਾਂ ਵਿਚ ਅਜਨੋਹਾ, ਪੰਡੋਰੀ ਗੰਗਾ ਸਿੰਘ, ਸੂਸਾਂ, ਸ਼ਾਮ ਚੌਰਾਸੀ, ਨੂਰਪੁਰ , ਗਰਨਾ ਸਾਹਿਬ, ਬੋਦਲ, ਗੱਗ ਸੁਲਤਾਨ, ਬਟਵਾਰਾ, ਅਰਜੁਨਾ ਕਲੋਨੀ ਦਸੂਹਾ, ਉਸਮਾਨ ਸ਼ਹੀਦ , ਬਾਗਪੁਰ ਸਤੌਰ ਦੇ ਗੁਰਦੁਆਰਾ ਸਾਹਿਬ ਸ਼ਾਮਿਲ ਸਨ। ਇਸੇ ਤਰ੍ਹਾਂ ਹਰੀਜਨ ਧਰਮਸ਼ਾਲਾ ਪਿੰਡ ਭਟੇੜ ਵਿਖੇ ਵੀ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ।
ਜ਼ਿਲ੍ਹੇ ਦੀਆਂ ਇਨ੍ਹਾਂ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਹੁਸ਼ਿਆਰਪੁਰ ਤੋ ਦਸੂਹਾ ਰੋਡ, ਟਾਂਡਾ ਰੋਡ , ਚੰਡੀਗੜ੍ਹ ਰੋਡ , ਮੇਨ ਬਾਜ਼ਾਰ ਮੁਕੇਰੀਆਂ, ਮੇਨ ਬਾਜ਼ਾਰ ਸ਼ਾਮ ਚੁਰਾਸੀ , ਚੱਬੇਵਾਲ ਦੇ ਬਾਜ਼ਾਰਾਂ ਵਿਖੇ ਮੌਜੂਦ ਦੁਕਾਨਦਾਰਾਂ ਨੂੰ ਪੈਂਫਲਿਟ ਵੰਡ ਕੇ ਵੋਟ ਪਾਉਣ ਲਈ ਪ੍ਰੇਰਿਆ ਗਿਆ ਅਤੇ ਜਨਤਕ ਥਾਵਾਂ ‘ਤੇ ਸਟੀਕਰ ਵੀ ਚਸਪਾ ਕੀਤੇ ਗਏ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਵੋਟ ਪ੍ਰਤੀਸ਼ਤਤਾ ਵਿਚ ਵਾਧਾ ਕੀਤਾ ਜਾ ਸਕੇ ਅਤੇ ਇਸ ਚੋਣ ਉਤਸਵ ਨੂੰ ਕਾਮਯਾਬ ਬਣਾਇਆ ਜਾ ਸਕੇ।
ਇਸ ਤੋਂ ਇਲਾਵਾ ਹਲਕਾ ਸ਼ਾਮ ਚੁਰਾਸੀ ਦੇ ਪਿੰਡ ਸੂਸਾਂ ਵਿਖੇ ਜਵਾਹਰ ਦਾਸ ਜੀ ਦੇ ਮੇਲੇ ਮੌਕੇ ਸਵੀਪ ਟੀਮ ਵੱਲੋਂ ਵੱਖ-ਵੱਖ ਟਰਾਲੀਆਂ ‘ਤੇ ਆਈਆਂ ਸੰਗਤਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿੰਡ ਸੂਸਾਂ ਦੇ ਮੇਲੇ ‘ਤੇ 80 ਤੋਂ ਵੱਧ ਛਬੀਲਾਂ ਲੱਗੀਆਂ ਸਨ, ਜਿਨ੍ਹਾਂ ਉੱਪਰ ਸਵੀਪ ਟੀਮ ਵੱਲੋਂ ਜਾਗਰੂਕਤਾ ਦਾ ਹੋਕਾ ਦਿੱਤਾ ਗਿਆ।