ਜ਼ਿਲ੍ਹਾ ਵਾਸੀਆਂ ਨੂੰ ਖਾਣ-ਪੀਣ ਦੀਆਂ ਵਸਤੂਆਂ ਦੀ ਮਿਆਦ ਪੁੱਗਣ ਦੀ ਮਿਤੀ ਚੈੱਕ ਕਰਕੇ ਹੀ ਖਰੀਦਣੀ ਚਾਹੀਦੀ ਹੈ
ਹੁਸ਼ਿਆਰਪੁਰ 24 ਅਪ੍ਰੈਲ 2024: ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਾਫ ਸੁਥਰੀਆਂ ਅਤੇ ਸ਼ੁੱਧ ਖਾਣ ਪੀਣ ਵਾਲੀਆਂ ਵਸਤੂਆਂ ਉਪਲੱਬਧ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਮਾਨਯੋਗ ਕਮਿਸ਼ਨਰ ਫੂਡ ਐਂਡ ਡ੍ਰਗ ਐਡਮਨਿਸਟ੍ਰੇਸ਼ਨ ਪੰਜਾਬ ਦੇ ਹੁਕਮਾਂ ਅਤੇ ਸਹਾਇਕ ਕਮਿਸ਼ਨਰ ਫੂਡ ਐਂਡ ਸੇਫਟੀ ਰਜਿੰਦਰਪਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਭੂੰਗਾ ਅਧੀਨ ਹਰਿਆਣਾ ਵਿਖੇ ਖਾਣ ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਦੇ ਅਹੁੱਦੇਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਫੂਡ ਸੇਫਟੀ ਅਫਸਰ ਮਨੀਸ਼ ਸੋਢੀ, ਫੂਡ ਸੇਫਟੀ ਅਫਸਰ ਵਿਵੇਕ ਕੁਮਾਰ ਅਤੇ ਐਲ.ਟੀ. ਰਾਜਵੀਰ ਕੌਰ ਵੱਲੋਂ ਕੀਤੀ ਗਈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਮਨੀਸ਼ ਸੋਢੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਭੋਜਨ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਕੋਈ ਵੀ ਮਿਆਦ ਪੁਗਾ ਚੁੱਕੀਆਂ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਨਾ ਵੇਚਣ, ਸਗੋਂ ਅਜਿਹੀਆਂ ਵਸਤੂਆਂ ਨੂੰ ਤੁਰੰਤ ਨਸ਼ਟ ਕਰਨ ਤਾਂ ਜੋ ਕਿਸੇ ਵੀ ਵਿਅਕਤੀ ਦੀ ਸਿਹਤ ਨਾਲ ਖਿਲਵਾੜ ਅਤੇ ਕੋਈ ਨੁਕਸਾਨ ਨਾ ਹੋਵੇ। ਮਿਆਦ ਪੁਗਾ ਚੁੱਕੀਆਂ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਕਿਸੇ ਵੀ ਕੀਮਤ ਤੇ ਨਾ ਵੇਚਿਆ ਜਾਵੇ ਜੇਕਰ ਕੋਈ ਦੁਕਾਨਦਾਰ ਮਿਆਦ ਪੁੱਗ ਚੁੱਕੀਆਂ ਵਸਤੂਆਂ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵਿਵੇਕ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਵੱਲੋਂ ਇੱਕ ਵੈਨ ਫੂਡ ਸੇਫਟੀ ਆਨ ਵੀਲ੍ਹ ਵੀ ਚਲਾਈ ਗਈ ਹੈ, ਜੋ ਲਗਾਤਾਰ ਵੱਖ-ਵੱਖ ਕਸਬਿਆਂ ਅਤੇ ਪਿੰਡਾਂ ਵਿੱਚ ਜਾ ਕੇ 50 ਰੁਪਏ ਵਿੱਚ ਖਾਣ-ਪੀਣ ਵਾਲੀਆਂ ਵਸਤੂਆਂ ਦੀ ਸ਼ੁੱਧਤਾ ਅਤੇ ਅਸ਼ੁੱਧਤਾ ਦੀ ਜਾਂਚ ਕਰਦੀ ਹੈ। ਉਨ੍ਹਾ ਕਿਹਾ ਕਿ ਖਾਣ ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਲੈਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।
ਉਕਤ ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਖਾਣ-ਪੀਣ ਦੀ ਵਸਤੂ ਖਰੀਦਦੇ ਸਮੇਂ, ਇਹ ਯਕੀਨੀ ਬਣਾਓ ਕਿ ਉਹ ਪੈਕ ਕੀਤੀਆਂ ਵਸਤੂਆਂ ਹੀ ਖਰੀਦਦੇ ਸਮੇਂ ਉਸ ‘ਤੇ ਫੂਡ ਸੇਫਟੀ ਐਕਟ ਦੀ ਰਜਿਸਟ੍ਰੇਸ਼ਨ ਅਤੇ ਮਿਆਦ ਪੁੱਗਣ ਦੀ ਮਿਤੀ ਦੀ ਜਾਂਚ ਕਰਦੇ ਹਨ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਤਹਿਤ ਹਰੇਕ ਭੋਜਨ ਵਿਕਰੇਤਾ, ਕਰਿਆਨੇ, ਦੁੱਧ ਵੇਚਣ ਵਾਲੇ, ਹਲਵਾਈ, ਡੇਅਰੀ ਮਾਲਕ ਅਤੇ ਰੇਹੜੀ ਵਿਕਰੇਤਾ ਲਈ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਲੈਣਾ ਬਹੁਤ ਜ਼ਰੂਰੀ ਹੈ।