ਪੰਜਾਬ ਵਿੱਚ ਗਹਿਰਾਇਆ ਬਿਜਲੀ ਸੰਕਟ, ਸ਼ਹਿਰੀ ਨੂੰ ਛੱਡ ਪੇਂਡੂ ਖੇਤਰਾਂ ਵਿੱਚ ਲੱਗੇ 10 ਤੋਂ 15 ਘੰਟੇ ਦੇ ਕੱਟ, ਪਲਾਂਟ ਖਰੀਦਣ ਤੇ ਵੀ ਨਹੀਂ ਮਿਲ ਰਹੀ ਪੰਜਾਬ ਨੂੰ ਪਾਵਰ
ਹੁਸ਼ਿਆਰਪੁਰ, 25 ਜਨਵਰੀ: ਚੰਡੀਗੜ੍ਹ ਪੰਜਾਬ ਇਸ ਵਕਤ ਬਿਜਲੀ ਦੇ ਗਹਿਰੇ ਸੰਕਟ ਵਿੱਚ ਫਸ ਗਿਆ ਹੈ, ਜਿਸ ਦੀ ਵਜ੍ਹਾ ਨਾਲ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ 10 ਤੋਂ ਲੈ ਕੇ 15 ਘੰਟੇ ਦਾ ਘੱਟ ਲੱਗ ਰਿਹਾ ਹੈ, ਜਿਸ ਨੂੰ ਲੈ ਕੇ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ ਅਤੇ ਇਹ ਕੱਟ ਉਸ ਵਕਤ ਲੱਗ ਰਹੇ ਹਨ, ਜਦ ਪੰਜਾਬ ਵਿੱਚ ਰਿਕਾਰਡ ਤੋੜ ਸ਼ੀਤ ਲਹਿਰ ਪੈ ਰਹੀ ਹੈ। ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਨੇ ਦੋ ਪੰਜਾਬ ਬਣਾ ਦਿੱਤੇ, ਪਹਿਲੇ ਪੰਜਾਬ ਵਿੱਚ ਸ਼ਹਿਰੀ ਇਲਾਕੇ ਅਤੇ ਦੂਜੇ ਪੰਜਾਬ ਵਿੱਚ ਪੂਰੇ ਪੇਂਡੂ ਇਲਾਕੇ ਸ਼ਾਮਿਲ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਇਹ ਕੱਟ ਸਿਰਫ ਪੇਂਡੂ ਖੇਤਰਾਂ ਵਿੱਚ ਹੀ ਲੱਗ ਰਿਹਾ ਹੈ।ਅੱਜ ਪੰਜਾਬ ਵਿੱਚ ਬਿਜਲੀ ਦਾ ਸੰਕਟ ਇਸ ਕਦਰ ਵੱਧ ਗਿਆ ਕਿ ਪਾਵਰ ਕਾਰਪੋਰੇਸ਼ਨ ਨੂੰ ਸ਼ਹਿਰੀ ਖੇਤਰ ਵਿੱਚ ਵੀ ਕੱਟ ਲਗਾਉਣੇ ਪਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਾਵਰ ਕਾਰਪੋਰੇਸ਼ਨ ਨੂੰ ਅੱਜ ਕੇਂਦਰੀ ਪੂਲ ਤੋਂ ਖਰੀਦਣ ਲਈ ਵੀ ਬਿਜਲੀ ਨਹੀਂ ਮਿਲੀ ਅਤੇ ਕੇਂਦਰੀ ਪੂਲ ਵੀ ਪੰਜਾਬ ਨੂੰ ਪਾਵਰ ਦੇਣ ਲਈ ਹੱਥ ਖੜੇ ਕਰਕੇ ਗਿਆ ਹੈ। ਪਾਵਰ ਕਾਰਪੋਰੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਇਸ ਵਕਤ ਗਹਿਰੇ ਬਿਜਲੀ ਸੰਕਟ ਵਿੱਚ ਫਸ ਗਿਆ ਹੈ। ਇਸ ਵਕਤ ਪੰਜਾਬ ਵਿੱਚ ਬਿਜਲੀ ਦੀ ਡਿਮਾਂਡ 10000 ਮੈਗਾਵਾਟ ਤੱਕ ਪਹੁੰਚ ਚੁੱਕੀ ਹੈ ਜਦ ਕਿ ਪਾਵਰ ਕਾਰਪੋਰੇਸ਼ਨ ਕੋਲ 8500 ਮੈਗਾਵਾਟ ਮੌਜੂਦ ਹੈ। ਦੱਸਿਆ ਜਾ ਰਿਹਾ ਹੈ ਕਿ 600 ਮੈਗਾਵਾਟ ਦਾ ਤਲਵੰਡੀ ਸਾਬੋ ਥਰਮਲ ਪਲਾਂਟ ਤਕਨੀਕੀ ਖਰਾਬੀ ਕਾਰਨ ਬੰਦ ਪਿਆ ਹੈ ਅਤੇ ਜਿਹੜੀ 1000 ਮੈਗਾਵਾਟ ਬਿਜਲੀ ਸੋਲਰ ਤੋਂ ਮਿਲਦੀ ਸੀ, ਉਹ ਵੀ ਧੁੰਦ ਦੀ ਵਜਹਾ ਕਰਕੇ ਨਹੀਂ ਮਿਲ ਰਹੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਉਂਦੇ ਕੁਝ ਦਿਨਾਂ ਵਿੱਚ ਵੀ ਇਹ ਹਾਲਾਤ ਜਿਆਦਾ ਸੁਧਰਨ ਵਾਲੇ ਨਹੀਂ ਹਨ। ਇੱਕ ਬਿਜਲੀ ਦੇ ਕੱਟ ਅਤੇ ਉੱਤੋਂ ਕੜਾਕੇ ਦੀ ਠੰਡ ਕਰਕੇ ਪੰਜਾਬ ਅੰਦਰ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਮੁਫਤ ਬਿਜਲੀ ਦਾ ਕੀ ਫਾਇਦਾ ਜਿਹੜੀ ਮਿਲਦੀ ਹੀ ਨਹੀਂ। ਪੰਜਾਬ ਦੇ ਪੇਂਡੂ ਖੇਤਰਾਂ ਵਿੱਚੋਂ ਮਿਲੀ ਜਾਣਕਾਰੀ ਅਨੁਸਾਰ ਕਈ ਇਲਾਕੇ ਇਸ ਤਰ੍ਹਾਂ ਦੇ ਵੀ ਹਨ, ਜਿੱਥੇ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਸਪਲਾਈ ਬਹਾਲ ਨਹੀਂ ਹੋ ਸਕੀ।