ਮਿਸ਼ਨ ਇੰਦਰਧਨੁਸ਼ 5.0 ਦੀ ਸ਼ੁਰੂਆਤ ਸਤੰਬਰ ਮਹੀਨੇ ਤੋਂ : ਡਾ ਸੀਮਾ
ਹੁਸ਼ਿਆਰਪੁਰ,18 ਅਗਸਤ : ਮਿਸ਼ਨ ਇੰਦਰਧਨੁਸ਼ 5.0 ਤਹਿਤ ਸਿਵਲ ਸਰਜਨ ਹੁਸ਼ਿਆਰਪੁਰ ਦੀਆ ਹਦਾਇਤਾਂ ਅਨੁਸਾਰ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਘਬੀਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਪੋਸੀ ਚ ਮਿਸ਼ਨ ਇੰਦਰਧਨੁਸ਼ ਜਾਗਰੂਕਤਾ ਰੈਲੀ ਅਤੇ ਸਮੂਹ ਆਸ਼ਾ ਸੁਪਰਵਾਈਜ਼ਰ ਤੇ ਆਸ਼ਾ ਵਰਕਰਾਂ ਦੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਜ਼ਿਲਾ ਟੀਕਾਕਰਨ ਅਫ਼ਸਰ ਡਾਕਟਰ ਸੀਮਾ ਗਰਗ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈਲੀ ਦੌਰਾਨ ਸਮੂਹ ਫੀਲਡ ਸਟਾਫ ਦੇ ਨਾਲ ਨਾਲ ਗੁਰਸੇਵਾ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵੱਲੋਂ ਮਿਸ਼ਨ ਇੰਦਰਧਨੁਸ਼ ਅਤੇ ਟੀਕਾਕਰਨ ਸੰਬੰਧੀ ਤਖਤੀਆਂ ਅਤੇ ਪੋਸਟਰ ਹੱਥਾਂ ‘ਚ ਫ਼ੜ ਕੇ ਜਾਗਰੂਕਤਾ ਨਾਅਰਿਆਂ ਦੇ ਨਾਲ ਪਿੰਡ ਵਾਸੀਆਂ ਨੂੰ ਸੰਪੂਰਨ ਟੀਕਾਕਰਨ ਲਈ ਜਾਗਰੂਕ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਡਾ ਸੀਮਾ ਗਰਗ ਨੇ ਕਿਹਾ ਕਿ ਸਾਰੇ ਜ਼ਿਲ੍ਹੇ ਵਿੱਚ ਤੀਬਰ ਮਿਸ਼ਨ ਇੰਦਰਧਨੁਸ਼ 5.0 ਦੀ ਸ਼ੁਰੂਆਤ ਸਤੰਬਰ ਮਹੀਨੇ ਤੋਂ ਹੋ ਰਹੀ ਹੈ। ਇਸ ਮੁਹਿੰਮ ਤਹਿਤ ਕਿਸੇ ਕਾਰਨ ਕਰਕੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਅਤੇ ਅਧੂਰੇ ਰਹਿ ਗਏ 0 ਤੋਂ 5 ਸਾਲ ਤੱਕ ਦੇ ਬੱਚੇ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਹ ਮੁਹਿੰਮ 3 ਪੜਾਵਾਂ ਵਿੱਚ ਚਲੇਗੀ। ਇਸ ਦੌਰਾਨ ਲਗਾਤਾਰ 6 ਦਿਨ ਟੀਕਾਕਰਨ ਕੀਤਾ ਜਾਵੇਗਾ।ਡਾ ਸੀਮਾ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਹੀ ਯੂ ਵਿਨ ਪੋਰਟਲ ‘ਤੇ ਸਾਰਾ ਡਾਟਾ ਅਪਲੋਡ ਕੀਤਾ ਜਾਵੇਗਾ। ਜਿਸ ਤੋਂ ਕਰਵਾਏ ਗਏ ਟੀਕਾਕਰਨ ਸੰਬੰਧੀ ਜਾਣਕਾਰੀ ਕਿਤੇ ਵੀ ਕਿਸੇ ਸਮੇਂ ਵੀ ਮਿਲ ਸਕੇਗੀ।ਐਸਐਮਓ ਡਾ. ਰਘਬੀਰ ਸਿੰਘ ਨੇ ਦੱਸਿਆ ਕਿ ਟੀਕਾਕਰਨ ਤੋਂ ਵਾਂਝੇ ਰਹਿ ਗਏ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਰਹਿੰਦੀਆਂ ਡੋਜ਼ ਜ਼ਰੂਰ ਦਿੱਤੀਆਂ ਜਾਣਗੀਆਂ, ਤਾਂ ਜ਼ੋ ਸਿਹਤਮੰਦ ਅਤੇ ਨਿਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਆਮ ਲੋਕਾਂ ਨੂੰ ਇਸ ਮੁਹਿੰਮ ਦਾ ਲਾਭ ਲੈਣ ਲਈ ਅਪੀਲ ਕੀਤੀ ਤਾਂ ਕਿ ਬੱਚਿਆਂ ਅਤੇ ਔਰਤਾਂ ਦਾ ਮੁਕੰਮਲ ਟੀਕਾਕਰਨ ਕਰਕੇ ਬਾਲ ਅਤੇ ਮਾਤਰੀ ਮੌਤ ਦਰ ਨੂੰ ਘੱਟ ਕੀਤਾ ਜਾ ਸਕੇ। ਮੀਟਿੰਗ ਦੌਰਾਨ ਡਾਕਟਰ ਨਵਲਦੀਪ ਸਿੰਘ ਨੇ ਆਸ਼ਾ ਸੁਪਰਵਾਈਜ਼ਰ ਤੇ ਆਸ਼ਾ ਵਰਕਰਾਂ ਨੂੰ ਇਸ ਮੁਹਿੰਮ ਚ ਉਨ੍ਹਾਂ ਦੀ ਡਿਊਟੀ ਬਾਰੇ ਸਿਖਲਾਈ ਦਿੱਤੀ। ਇਸ ਮੁਹਿੰਮ ਬਾਰੇ ਦੱਸਦੇ ਹੋਏ ਬਲਾਕ ਐਕਸਟੈਂਸ਼ਨ ਐਜੂਕੇਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਇਸ ਮੁਹਿੰਮ ਦਾ ਪਹਿਲਾ ਰਾਊਂਡ 11ਸਤੰਬਰ ਤੋਂ 16 ਸਤੰਬਰ, ਦੂਜਾ ਰਾਊਂਡ 9 ਅਕਤੂਬਰ ਤੋਂ 14 ਅਕਤੂਬਰ ਅਤੇ ਤੀਜਾ ਰਾਊਂਡ 20 ਨਵੰਬਰ ਤੋਂ 25 ਨਵੰਬਰ ਤੱਕ ਹੋਵੇਗਾ।ਰੈਲੀ ਉਪਰੰਤ ਇੱਕ ਚਾਰਟ ਮੇਕਿੰਗ ਮੁਕਾਬਲਾ ਅਤੇ ਭਾਸ਼ਣ ਮੁਕਾਬਲਾ ਵੀ ਕਰਵਾਇਆ ਗਿਆ, ਜਿਨ੍ਹਾਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੀਆਂ ਵਿਦਿਆਰਥਣਾਂ ਅੰਮ੍ਰਿਤਪਾਲ ਕੌਰ, ਗੁਰਪ੍ਰੀਤ ਕੌਰ,ਅਤੇ ਹਰਪ੍ਰੀਤ ਕੌਰ ਨੂੰ ਜ਼ਿਲਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਅਤੇ ਡਾ ਰਘਬੀਰ ਸਿੰਘ ਸੀਨੀਅਰ ਮੈਡੀਕਲ ਅਫਸਰ ਵੱਲੋਂ ਪ੍ਰੰਸ਼ਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕੇਵਲ ਸਿੰਘ ਹੈਲਥ ਇੰਸਪੈਕਟਰ, ਜੋਗਿੰਦਰ ਕੌਰ ਐਲਐਚਵੀ, ਏਐਨਏਮਜ਼ ਅਤੇ ਮਲਟੀ ਪਰਪਜ਼ ਹੈਲਥ ਵਰਕਰ, ਪੂਜਾ ਗੋਗਨਾ, ਮਮਤਾ ਰਾਣੀ, ਰਣਜੀਤ ਕੌਰ, ਦਲਜੀਤ ਕੌਰ, ਇੰਦਰਪਾਲ ਸਿੰਘ, ਧਰਮਪਾਲ, ਅਵਤਾਰ ਰਾਣਾ, ਕਸ਼ਮੀਰ ਸਿੰਘ, ਇੰਦਰਜੀਤ ਸਿੰਘ, ਸਮੂਹ ਆਸ਼ਾ ਸੁਪਰਵਾਈਜ਼ਰ ਤੇ ਆਸ਼ਾ ਵਰਕਰਾਂ ਹਾਜ਼ਰ ਸਨ।