ਡੀ.ਜੀ.ਪੀ ਗੌਰਵ ਯਾਦਵ ਨੇ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਸੈਮੀਨਾਰ ਹਾਲ ਦਾ ਕੀਤਾ ਉਦਘਾਟਨ
ਹੁਸ਼ਿਆਰਪੁਰ, 4 ਅਗਸਤ :ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ) ਪੰਜਾਬ ਗੌਰਵ ਯਾਦਵ ਵੱਲੋਂ ਅੱਜ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਸੈਮੀਨਾਰ ਹਾਲ ਦਾ ਉਦਘਾਟਨ ਡੀ.ਆਈ.ਜੀ ਜਲੰਧਰ ਰੇਂਜ ਸਵਪਨ ਸ਼ਰਮਾ ਅਤੇ ਐਸ.ਐਸ.ਪੀ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਸੈਮੀਨਾਰ ਹਾਲ ਦੇ ਸ਼ੁਰੂ ਹੋਣ ਨਾਲ ਜ਼ਿਲ੍ਹੇ ਵਿੱਚ ਤਾਇਨਾਤ ਸਮੂਹ ਜੀ.ਓ., ਐਨ.ਜੀ.ਓਜ਼ ਅਤੇ ਈ.ਪੀ.ਓਜ਼ ਨੂੰ ਪੁਲਿਸ ਵਿਭਾਗ ਦੇ ਕੰਮਕਾਜ਼ ਦਾ ਪੱਧਰ ਉੱਚਾ ਚੁੱਕਣ ਦੇ ਮਕਸਦ ਨਾਲ ਵੱਖ-ਵੱਖ ਤਰ੍ਹਾਂ ਦੀਆਂ ਟ੍ਰੇਨਿੰਗਾਂ ਅਤੇ ਕੋਰਸ ਕਰਵਉਣ ਵਿਚ ਮਦਦ ਮਿਲੇਗੀ। ਇਸ ਸੈਮੀਨਾਰ ਹਾਲ ਵਿਚ ਆਨ-ਲਾਈਨ ਟ੍ਰੇਨਿੰਗ ਅਤੇ ਪ੍ਰੋਜੈਕਟਰ ਰਾਹੀਂ ਲੋੜੀਂਦੀ ਟ੍ਰੇਨਿੰਗ ਦੇਣ ਦੀ ਸਹੂਲਤ ਉਪਲਬੱਧ ਹੈ।ਇਸ ਤੋਂ ਇਲਾਵਾ ਡੀ.ਜੀ.ਪੀ ਗੌਰਵ ਯਾਦਵ ਵੱਲੋਂ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਗਜ਼ਟਿਡ ਅਫ਼ਸਰਾਂ ਲਈ ਇਕ ਆਫਿਸਰਜ਼ ਮੈੱਸ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਸ ਮੈੱਸ ਦੇ ਬਣਨ ਨਾਲ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਅਤੇ ਵੀ.ਵੀ.ਆਈ.ਪੀ ਡਿਊਟੀ ਲਈ ਆਰਜ਼ੀ ਤੌਰ ’ਤੇ ਆਉਣ ਵਾਲੇ ਗਜ਼ਟਿਡ ਅਧਿਕਾਰੀਆਂ ਨੂੰ ਵਧੀਆ ਰਿਹਾਇਸ਼ ਅਤੇ ਖਾਣ-ਪੀਣ ਦੀਆਂ ਸਹੂਲਤਾਂ ਮਿਲਣਗੀਆਂ।ਪੰਜਾਬ ਅਤੇ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਡੀ.ਜੀ.ਪੀ ਵੱਲੋਂ ਡੀ.ਆਈ.ਜੀ ਜਲੰਧਰ ਰੇਂਜ ਸਵਪਨ ਸ਼ਰਮਾ, ਐਸ.ਐਸ.ਪੀ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ, ਐਸ.ਐਸ.ਪੀ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ, ਐਸ.ਐਸ.ਪੀ ਕਪੂਰਥਲਾ ਰਾਜਪਾਲ ਸਿੰਘ ਤੋਂ ਇਲਾਵਾ ਜਲੰਧਰ ਰੇਂਜ ਅਤੇ ਸੀ.ਪੀ ਜਲੰਧਰ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਤੋਂ ਬਾਅਦ ਡੀ.ਜੀ.ਪੀ ਪੰਜਾਬ ਨੇ ਗਜ਼ਟਿਡ ਅਧਿਕਾਰੀਆਂ ਸਮੇਤ ਐਨ.ਜੀ.ਓਜ਼, ਈ.ਪੀ.ਓਜ਼ ਦੇ ਨਾਲ ਸਿਟੀ ਸੈਂਟਰ ਹੁਸ਼ਿਆਰਪੁਰ ਵਿਖੇ ਇਕ ਵੱਡੇ ਖਾਣੇ ਵਿਚ ਸ਼ਿਰਕਤ ਕੀਤੀ।