ਮਾਨਵਤਾ ਦੀ ਸੇਵਾ ਵਿੱਚ ਡਾ. ਐਸ.ਪੀ. ਸਿੰਘ ਓਬਰਾਏ ਦੇ ਕੰਮਾਂ ਦੀ ਨਹੀਂ ਕੀਤੀ ਜਾ ਸਕਦੀ ਕਕਿਸੇ ਨਾਲ ਤੁਲਨਾ: ਬ੍ਰਮ ਸ਼ੰਕਰ ਜਿੰਪਾ
ਹੁਸ਼ਿਆਰਪੁਰ, 29 ਮਈ: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹ ਕਿ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ.ਐਸ.ਪੀ. ਸਿੰਘ ਓਬਰਾਏ ਇਕ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਘੱਟ ਹੈ। ਡਾ. ਓਬਰਾਏ ਵੱਲੋਂ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਦੀ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਉਹ ਵਿੱਦਿਆ ਮੰਦਰ ਸਕੂਲ ਹੁਸ਼ਿਆਰਪੁਰ ਵਿਖੇ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਵੱਲੋਂ ਵਿੱਦਿਆ ਮੰਦਰ ਸਕੂਲ ਹੁਸ਼ਿਆਰਪੁਰ ਵਿਖੇ ਇਕ ਕੰਪਿਊਟਰ ਸੈਂਟਰ ਖੋਲਿ੍ਹਆ ਗਿਆ ਅਤੇ ਇਕ ਐਂਬੂਲੈਂਸ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਅਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਭੇਟ ਕੀਤੀ ਗਈ। ਇਸ ਦਾ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਟਰੱਸਟ ਦੇ ਚੇਅਰਮੈਨ ਡਾ.ਐਸ.ਪੀ. ਸਿੰਘ ਓਬਰਾਏ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਦੌਰਾਨ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰੰਜੀਤਾ ਚੌਧਰੀ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਕੁਝ ਲੋਕਾਂ ਨੂੰ ਥੋੜਾ ਦਾਨ ਦੇ ਕੇ ਹੰਕਾਰ ਆ ਜਾਂਦਾ ਹੈ, ਪਰ ਡਾ: ਐੱਸ.ਪੀ. ਸਿੰਘ ਓਬਰਾਏ ਅਜਿਹੇ ਵਿਅਕਤੀ ਹਨ ਜੋ ਆਪਣੀ ਆਮਦਨ ਵਿਚੋਂ 98 ਫੀਸਦੀ ਹਿੱਸਾ ਦਾਨ ਵਿੱਚ ਦਿੰਦੇ ਹਨ ਅਤੇ ਉਨ੍ਹਾਂ ਵਿੱਚ ਕਦੇ ਵੀ ਇਸ ਗੱਲ ਦਾ ਹੰਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੀਆਂ ਸ਼ਖ਼ਸੀਅਤਾਂ ਨੂੰ ਸਲਾਮ ਕਰਦੀ ਹੈ, ਜਿਨ੍ਹਾਂ ਨੇ ਬਿਨਾਂ ਕਿਸੇ ਭੇਦ-ਭਾਵ ਦੇ ਮਨੁੱਖਤਾ ਦੀ ਭਲਾਈ ਲਈ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਪਿਊਟਰ ਸੈਂਟਰ ਨੂੰ ਮਹਿਲਾ ਕਾਰੋਬਾਰੀ ਅਤੇ ਸਮਾਜ ਸੇਵੀ ਡੌਲੀ ਚੀਮਾ ਵੱਲੋਂ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੰਪਿਊਟਰ ਸੈਂਟਰ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਲੜਕੀਆਂ ਨੂੰ ਮੁਫ਼ਤ ਕੰਪਿਊਟਰ ਦੀ ਸਿੱਖਿਆ ਦਿੱਤੀ ਜਾਵੇਗੀ ਅਤੇ ਇਸ ਸੈਂਟਰ ਵਿੱਚ 40 ਦੇ ਕਰੀਬ ਵਿਦਿਆਰਥਣਾਂ ਦਾ ਦਾਖਲਾ ਹੋ ਚੁੱਕਾ ਹੈ। ਇਸ ਦੌਰਾਨ ਵਿੱਦਿਆ ਮੰਦਰ ਸਕੂਲ ਤੋਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਨੁਰਾਗ ਸੂਦ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਇਸ ਉਪਰਾਲੇ ਲਈ ਡਾ.ਐਸ.ਪੀ.ਸਿੰਘ ਓਬਰਾਏ ਦਾ ਧੰਨਵਾਦ ਵੀ ਕੀਤਾ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਡਾ: ਐਸ.ਪੀ.ਸਿੰਘ ਓਬਰਾਏ ਦੀ ਅਗਵਾਈ ਵਿੱਚ ’ਸਰਬੱਤ ਦਾ ਭਲਾ’ ਟਰੱਸਟ ਜ਼ਿਲ੍ਹੇ ਵਿਚ ਸਮਾਜ ਸੇਵਾ ਦੇ ਅਨੇਕਾਂ ਕਾਰਜ ਕਰ ਰਿਹਾ ਹੈ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਡਾ: ਓਬਰਾਏ ਦਾ ਧੰਨਵਾਦ ਪ੍ਰਗਟ ਕਰਦਾ ਹੈ। ਉਸ ਨੇ ਕਿਹਾ ਕਿ ਜਦੋਂ ਉਹ ਐਸ.ਡੀ.ਐਮ ਦੇ ਤੌਰ ’ਤੇ ਮੁਕੇਰੀਆਂ ਵਿੱਚ ਤਾਇਨਾਤ ਸਨ, ਤਾਂ ਉਨ੍ਹਾਂ ਨੇ ਡਾ: ਓਬਰਾਏ ਤੋਂ ਇੱਕ ਡਾਇਲਾਸਿਸ ਮਸ਼ੀਨ ਦੀ ਮੰਗ ਕੀਤੀ ਸੀ, ਜੋ ਕਿ ਉਨ੍ਹਾਂ ਵਲੋਂ ਇਕ ਹਫ਼ਤੇ ਦੇ ਅੰਦਰ ਲਗਾ ਦਿੱਤੀ ਗਈ ਸੀ, ਜਿਸ ਕਾਰਨ ਉਹ ਉਦੋਂ ਤੋਂ ਹੀ ਡਾ: ਓਬਰਾਏ ਤੋਂ ਬਹੁਤ ਪ੍ਰਭਾਵਿਤ ਹਨ। ਪ੍ਰੋਗਰਾਮ ਉਪਰੰਤ ਡਿਪਟੀ ਕਮਿਸ਼ਨਰ ਡਾ.ਐਸ.ਪੀ. ਸਿੰਘ ਓਬਰਾਏ ਨਾਲ ਅਨਾਥ ਬੱਚਿਆਂ ਦੇ ਬਿਰਧ ਘਰ ਅਤੇ ਸਕੂਲ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ‘ਸਰਬੱਤ ਦਾ ਭਲਾ’ ਟਰੱਸਟ ਵੱਲੋਂ ਇੱਥੇ ਪਹਿਲਾਂ ਹੀ ਕਈ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਦੌਰਾਨ ਡਾ: ਓਬਰਾਏ ਨੇ ਅੱਗੇ ਵੀ ਵੀ ਇੱਥੇ ਸੇਵਾ ਕਰਨ ਲਈ ਆਪਣੀ ਦਿਲਚਸਪੀ ਦਿਖਾਈ।
ਇਸ ਮੌਕੇ ’ਸਰਬੱਤ ਦਾ ਭਲਾ’ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਆਗਿਆਪਾਲ ਸਿੰਘ ਸਾਹਨੀ, ਸਕੱਤਰ ਅਵਤਾਰ ਸਿੰਘ, ਜਗਮੀਤ ਸਿੰਘ, ਗੁਰਪ੍ਰੀਤ ਸਿੰਘ, ਪੁਰਸ਼ੋਤਮ ਅਰੋੜਾ, ਸੰਜੀਵ ਅਰੋੜਾ, ਜੇ.ਐਸ. ਢਿੱਲੋਂ, ਨਰਿੰਦਰ ਤੂਰ, ਕੌਂਸਲਰ ਪ੍ਰਦੀਪ ਕੁਮਾਰ, ਵਿਜੇ ਅਗਰਵਾਲ, ਡੀ.ਐਚ.ਓ. ਲਖਬੀਰ ਸਿੰਘ, ਐਸ.ਐਮ.ਓ ਡਾ.ਸਵਾਤੀ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।