ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਬੁੱਲੋਵਾਲ ’ਚ ਲਗਾਇਆ ਸ਼ਿਕਾਇਤ ਨਿਵਾਰਨ ਕੈਂਪ: ਡਾ. ਰਵਜੋਤ
ਹੁਸ਼ਿਆਰਪੁਰ, 25 ਮਈ: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀਆਂ ਹਦਾਇਤਾਂ ’ਤੇ ਵੱਖ-ਵੱਖ ਸਰਕਾਰੀ ਸੇਵਾਵਾਂ ਲੋਕਾਂ ਦੇ ਘਰਾਂ ਦੇ ਨੇੜੇ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ‘ਸਰਕਾਰ ਤੁਹਾਡੇ ਦੁਆਰ’ ਤਹਿਤ ਅੱਜ ਪੰਚਾਇਤ ਸੰਮਤੀ ਪਿੰਡ ਬੁੱਲੋਵਾਲ ਦੇ ਰੈਸਟ ਹਾਊਸ ਵਿਖੇ ਸ਼ਿਕਾਇਤ ਨਿਵਾਰਨ ਕੈਂਪ ਲਗਾਇਆ ਗਿਆ। ਇਸ ਦੌਰਾਨ ਵਿਧਾਇਕ ਸ਼ਾਮਚੁਰਾਸੀ ਡਾ: ਰਵਜੋਤ ਨੇ ਇਸ ਕੈਂਪ ਦੀ ਸ਼ੁਰੂਆਤ ਕਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬੈਠ ਕੇ ਇਲਾਕੇ ਦੇ 8 ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਐੱਸ.ਡੀ.ਐੱਮ. ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ ਅਤੇ ਆਮ ਆਦਮੀ ਪਾਰਟੀ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਵਿਧਾਇਕ ਸ਼ਾਮਚੁਰਾਸੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਤੱਕ ਹਰ ਸਹੂਲਤਾਂ ਦੇਣ ਲਈ ਵਚਨਬੱਧ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿੱਚ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸ਼ਿਕਾਇਤ ਨਿਵਾਰਨ ਕੈਂਪਾਂ ਵਿੱਚ ਸਮੂਹ ਵਿਭਾਗਾਂ ਦੇ ਅਧਿਕਾਰੀ ਲੋਕਾਂ ਤੱਕ ਪਹੁੰਚ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਕੋਲ ਜਾਣ ਦੀ ਲੋੜ ਨਹੀਂ ਹੈ, ਸਗੋਂ ਅਧਿਕਾਰੀ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰ ਰਹੇ ਹਨ।
ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ ਨੇ ਦੱਸਿਆ ਕਿ ਸਬ ਡਵੀਜ਼ਨ ਹੁਸ਼ਿਆਰਪੁਰ ਅਧੀਨ ਚੱਲ ਰਹੇ ਇਸ ਸ਼ਿਕਾਇਤ ਨਿਵਾਰਨ ਕੈਂਪ ਵਿੱਚ ਪਿੰਡ ਆਲੋਵਾਲ, ਦਾਲਮਵਾਲ, ਖਡਿਆਲਾ ਸੈਣੀਆਂ, ਲਿੱਦੜ, ਲਾਂਬੜਾ, ਢੱਡੇ ਬਾਬਾ ਮੋਹਰ ਸਿੰਘ, ਤਾਜੋਵਾਲ, ਪੰਡੋਰੀ ਮਾਈਲ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਦੌਰਾਨ ਸਮੂਹ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ਤਾਂ ਜੋ ਘੱਟ ਸਮੇਂ ਵਿੱਚ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਮਾਲ ਵਿਭਾਗ, ਸਿਹਤ ਵਿਭਾਗ, ਪੰਚਾਇਤ ਵਿਭਾਗ, ਮਨਰੇਗਾ, ਸਮਾਜਿਕ ਸੁਰੱਖਿਆ ਵਿਭਾਗ, ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਨਾਲ ਸਬੰਧਤ ਵਿਭਾਗਾਂ ਆਦਿ ਦੇ ਅਧਿਕਾਰੀਆਂ ਨੇ ਮੌਕੇ ’ਤੇ ਦਰਖਾਸਤ ਪ੍ਰਾਪਤ ਕਰਕੇ ਬਣਦੀ ਕਾਰਵਾਈ ਕੀਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।