ਹੁਸ਼ਿਆਰਪੁਰ: ਵਧੀਕ ਡਿਪਟੀ-ਕਮਿਸ਼ਨਰ ਮੈਡਮ ਦਲਜੀਤ ਕੌਰ ਦੀ ਪ੍ਰਧਾਨਗੀ ਹੇਠ ਡੇਂਗੂ ਦੀ ਰੋਕਥਾਮ ਤੇ ਬਚਾਓ ਸੰਬੰਧੀ ਜ਼ਿਲ੍ਹਾ ਪੱਧਰੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ
ਹੁਸ਼ਿਆਰਪੁਰ 25 ਮਈ 2023: ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ)ਮੈਡਮ ਦਲਜੀਤ ਕੌਰ ਜੀ ਦੀ ਪ੍ਰਧਾਨਗੀ ਹੇਠ ਸਿਹਤ ਵਿਭਾਗ ਦੇ ਪ੍ਰੋਗਰਾਮ ਅਫ਼ਸਰਾਂ, ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਡੇਂਗੂ ਦੀ ਰੋਕਥਾਮ ਤੇ ਬਚਾਓ ਸੰਬੰਧੀ ਅਤੇ ਕੋਟਪਾ Act 2003 (ਐਨ.ਟੀ.ਸੀ.ਪੀ) ਅਧੀਨ ਜ਼ਿਲ੍ਹਾ ਪੱਧਰੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ।
ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਦੀ ਅਗਵਾਈ ਵਿੱਚ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ.ਜਗਦੀਪ ਸਿੰਘ ਨੇ ਮੀਟਿੰਗ ਦੀ ਰਸਮੀ ਸ਼ੁਰੂਆਤ ਕਰਦੇ ਹੋਏ ਜਿਲ੍ਹੇ ਅੰਦਰ ਚੱਲ ਰਹੇ ਡੇਂਗੂ ਦੀ ਰੋਕਥਾਮ ਤੇ ਬਚਾਓ ਸੰਬੰਧੀ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਉਨਾਂ ਦੱਸਿਆ ਕਿ ਮਹੀਨੇ ਦੇ ਹਰ ਸ਼ੁਕਵਾਰ ਨੂੰ ਫਰਾਈ ਡੇ-ਡਰਾਈ ਡੇ ਵਜੋਂ ਮਨਾਇਆ ਜਾਂਦਾ ਹੈ ਜਿਸ ਤਹਿਤ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਜਾ ਕੇ ਡੇਂਗੂ ਦੇ ਲਾਰਵੇ ਦੀ ਚੈਕਿੰਗ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ ਘਰਾਂ ਦੇ ਕੂਲਰਾਂ, ਛੱਤਾਂ, ਗਮਲਿਆਂ, ਫਰਿਜ਼ ਦੀਆਂ ਟ੍ਰੇਆਂ ਆਦਿ ਦੀ ਸਮੇਂ ਸਮੇਂ ਤੇ ਟੀਮਾਂ ਵਲੋ ਚੈਕਿੰਗ ਵੀ ਕੀਤੀ ਜਾ ਰਹੀ ਹੈ ।ਉਨਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਦਫਤਰਾਂ ਜਿਵੇਂ ਰੋਡਵੇਜ਼, ਬਿਜਲੀ, ਬੀ.ਐਸ.ਐਨ.ਐਲ ਅਤੇ ਉਦਯੋਗ ਵਿਭਾਗ ਆਦਿ ਥਾਂਵਾਂ ਦੀ ਚੈਕਿੰਗ ਕਰ ਕੇ ਮੌਕੇ ਤੇ ਪਾਏ ਗਏ ਡੇਂਗੂ ਦੇ ਲਾਰਵੇ ਨੂੰ ਨਸ਼ਟ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਦਫਤਰ ਸਿਵਲ ਸਰਜਨ ਦੇ ਮਾਸ ਮੀਡੀਆ ਵਿੰਗ ਵਲੋਂ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਬੱਚਿਆਂ ਨੂੰ ਡੇਂਗੂ ਦੀ ਬੀਮਾਰੀ ਅਤੇ ਬਚਾਓ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਡੇਂਗੂ ਦਾ ਇਲਾਜ ਜ਼ਿਲ੍ਹੇ ਦੀ ਸਰਕਾਰੀ ਸੰਸਥਾਂ ਵਿਖੇ ਮੁਫਤ ਕੀਤਾ ਜਾ ਰਿਹਾ ਹੈ।
ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਵਧੀਕ ਡਿਪਟੀ-ਕਮਿਸ਼ਨਰ ਮੈਡਮ ਦਲਜੀਤ ਕੌਰ ਜੀ ਨੇ ਕਿਹਾ ਕਿ ਡੇਂਗੂ ਅਤੇ ਹੋਰ ਵੈਕਟਰ ਬੌਰਨ ਬੀਮਾਰੀਆਂ ਦੀ ਰੋਕਥਾਮ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ। ਇਸ ਲਈ ਸਿਹਤ ਵਿਭਾਗ ਸਮੇਤ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਅਤੇ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਂਵਾਂ ਆਪਸੀ ਤਾਲ ਮੇਲ ਨਾਲ ਵੱਧ ਤੋਂ ਵੱਧ ਗਤੀਵਿਧੀਆਂ ਸ਼ੁਰੂ ਕਰਨ। ਸਿਹਤ ਅਧਿਕਾਰੀਆਂ ਨੂੰ ਆਪਣੇ ਆਪਣੇ ਅਧੀਨ ਆਉਂਦੀਆਂ ਸਿਹਤ ਸੰਸਥਾਂਵਾਂ ਵਿਖੇ ਬਾਥਰੂਮਾਂ ਦੀ ਸਾਫ-ਸਫਾਈ ਰੱਖਣ, ਪਾਣੀ ਦੀ ਲੀਕੇਜ ਨੂੰ ਰੋਕਣ ਅਤੇ ਮੁੰਰਮਤ ਕਰਨ ਦੇ ਨਿਰਦੇਸ਼ ਦਿੱਤੇ। ਬੀ.ਡੀ.ਪੀ.ਓਜ਼ ਨੂੰ ਮੁਨਿਆਦੀ ਕਰਵਾਉਣਾ, ਚਲਾਨ ਕਰਨ ਦੇ ਨਾਲ ਨਾਲ ਜਾਗਰੂਕਤਾ ਮੁਹਿੰਮ ਵਿੱਢਣ ਦੇ ਨਿਰਦੇਸ਼ ਦਿੱਤੇ। ਉਨਾਂ ਨੇ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਨੂੰ ਸਕੂਲਾਂ ਵਿੱਚ ਸਵੇਰ ਦੀ ਸਭਾ ਦੌਰਾਨ ਬੱਚਿਆਂ ਨੂੰ ਜਾਗਰੂਕ ਕਰਨ ਲਈ ਕਿਹਾ। ਉਨਾਂ ਜਲ-ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਪਿੰਡਾਂ/ਸ਼ਹਿਰਾਂ’ਚ ਪਾਣੀ ਦੀ ਕਿਸੇ ਵੀ ਤਰਾਂ ਦੀ ਲੀਕੇਜ ਅਤੇ ਵੇਸਟੇਜ ਆਦਿ ਦਾ ਨਰੀਖਣ ਕਰਨ ਨੂੰ ਕਿਹਾ ਤਾਂ ਜੋ ਪਾਣੀ ਦੀ ਬਰਬਾਦੀ ਨੂੰ ਰੋਕਣ ਦੇ ਨਾਲ ਨਾਲ ਉਸ ਦੀ ਗਲੀਆਂ ਨਾਲੀਆਂ ਸੜਕਾਂ ਆਦਿ ਵਿਖੇ ਖੜੌਤ ਨੂੰ ਰੋਕਿਆ ਜਾ ਸਕੇ। ਉਨਾਂ ਬਰਸਾਤੀ ਮੌਸਮ ਦੇ ਆਉਣ ਤੋਂ ਪਹਿਲਾ ਹੀ ਡਰੇਨਜ਼ ਅਤੇ ਸੀਵਰੇਜ ਸਿਸਟਮ ਨੂੰ ਦਰੁਸਤ ਕਰਨ ਲਈ ਵੀ ਕਿਹਾ ਤਾਂ ਜੋ ਪਾਣੀ ਖੜੇ ਹੋਣ ਦੀ ਸਮਸਿੱਆ ਨਾ ਰਹੇ।
ਉਨਾਂ ਹਦਾਇਤ ਕੀਤੀ ਕਿ ਸਰਕਾਰੀ ਦਫਤਰਾਂ’ਤੇ ਅਧਿਕਾਰੀ ਨਿੱਜੀ ਤੌਰ ਤੇ ਆਪਣੇ ਦਫਤਰਾਂ ਦਾ ਦੌਰਾ ਜ਼ਰੂਰ ਕਰਨ। ਉਨਾਂ ਜਿਲਾ ਉਦਯੋਗ ਅਫਸਰ ਨੂੰ ਵੱਖ ਵੱਖ ਉਦਯੋਗਾਂ ਵਿੱਚ ਕੰਮ ਕਰ ਰਹੇ ਵਰਕਰਾਂ ਨੂੰ ਡੇਂਗੂ ਬਾਰੇ ਅਵੇਅਰ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਇਸ ਕੰਮ ਲਈ ਸ਼ਹਿਰ ਦੀਆਂ ਸਵੇ-ਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਲੈ ਸਕਦੇ ਹਨ। ਉਨਾਂ ਪੰਚਾਇਤੀ ਰਾਜ ਵਿਭਾਗ ਨੂੰ ਹਰੇਕ ਬਲਾਕ ਪੱਧਰ ਤੇ ਪੰਚਾ/ਸੰਰਪੰਚਾ ਦੀ ਬੈਠਕ ਕਰਕੇ ਪਿੰਡਾਂ ਵਿੱਚ ਬੀਮਾਰੀਆਂ ਤੋਂ ਬਚਾ ਅਤੇ ਜਾਗਰੂਕ ਗਤੀਵਿਧੀਆਂ ਤੇਜ਼ ਕਰਨ ਦੀ ਹਦਾਇਤ ਕੀਤੀ। ਰੋਡਵੇਜ਼, ਬਿਜਲੀ ਅਤੇ ਉਦਯੋਗ ਵਿਭਾਗ ਨੂੰ ਆਪਣੀਆਂ ਸੰਸਥਾਂਵਾਂ ਵਿਖੇ ਪਏ ਪੁਰਾਣੇ ਜਾਂ ਟੁੱਟੇ ਸਮਾਨ ਆਦਿ ਨੂੰ ਢੱਕ ਕੇ ਰੱਖਣ ਅਤੇ ਪਾਣੀ ਦੇ ਖੜੋਤ ਨੂੰ ਖਤਮ ਕਰਨ ਲਈ ਉੁਪਰਾਲੇ ਕਰਨ ਦੀ ਹਦਾਇਤ ਕੀਤੀ ਤਾਂ ਜੋ ਮਲੇਰੀਆ/ਡੇਂਗੂ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਬੀ.ਐਸ.ਐਨ.ਐਲ ਅਤੇ ਬਿਜਲੀ ਵਿਭਾਗ ਵਲੋਂ ਪੋਲ ਲਗਾਉਣ ਲਈ ਉਂਨਾ ਦੁਆਰਾ ਪੁੱਟੇ ਹੋਏ ਟੋਇਆਂ ਨੂੰ ਉਸੇ ਵਕਤ ਭਰਨ ਦੀ ਹਦਾਇਤ ਕੀਤੀ।
ਤੰਬਾਕੂ ਦੀ ਰੋਕਥਾਮ ਸੰਬੰਧੀ ਉਨਾਂ ਹਦਾਇਤ ਜਾਰੀ ਕਰਦਿਆਂ ਕਿਹਾ ਕਿ 16 ਤੋਂ 31 ਮਈ ਤੱਕ ਮਨਾਏ ਜਾ ਰਹੇ ਤੰਬਾਕੂ ਜਾਗਰੂਕਤਾ ਪੰਦਰਵਾੜਾ ਦੌਰਾਨ ਸਮਾਜਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਤੰਬਾਕੂ ਬਿਕਰੀ ਸਥਾਨਾਂ ਤੇ ਸਾਈਨੇਜ਼ਸ ਚੈੱਕ ਕਰਨ ਅਤੇ ਪਬਲਿਕ ਅਵੇਅਰਨੇਸ ਨੋਟਿਸ ਬੋਰਡ ਲਗਾਏ ਜਾਣ ਅਤੇ ਸਕੂਲਾਂ ਕਾਲਿਜਾਂ ਦੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਜਾਵੇ । ਉਨਾਂ ਕਿਹਾ ਕਿ ਜ਼ਿਲ੍ਹੇ ਅੰਦਰ ਕੋਟਪਾ ਐਕਟ (2003) ਦੀਆਂ ਵੱਖ ਵੱਖ ਧਾਰਾਂਵਾ ਦੀ ਉਲਘੰਣਾ ਕਰਨ ਵਾਲੇ ਵਿਅਕਤੀਆਂ ਦੀ ਚਲਾਨ ਵੀ ਕੀਤੇ ਜਾਣਗੇ ।ਉਨਾਂ ਅਧਿਕਾਰੀਆਂ ਨੂੰ ਈ-ਸਿਗਰੇਟ ਦੀ ਵਿਕਰੀ ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੀ ਹਦਾਇਤ ਕੀਤੀ ਅਤੇ ਇਸ ਸੀ ਵਿਕਰੀ ਸੰਬੰਧੀ ਰਿਪੋਰਟ ਹਰ ਮਹੀਨੇ ਜ਼ਿਲ੍ਹਾ ਤੰਬਾਕੂ ਸੈਲ ਨੂੰ ਭੇਜਣ ਲਈ ਕਿਹਾ ।