ਸਕੂਲ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੇ “ਸਕੂਲ ਬੱਸ ਅਪਰੇਟਰ ਯੂਨੀਅਨ, ਪੰਜਾਬ” ਇਲਾਜ ਲਈ ਦੇਵੇਗੀ ਆਰਥਿਕ ਮਦਦ: ਸੁਖਮਨ ਸਿੰਘ ਧਾਲੀਵਾਲ
ਹੁਸ਼ਿਆਰਪੁਰ, 19 ਮਈ: ਸਕੂਲ ਬੱਸ ਅਪਰੇਟਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਯੂਨਿਟ ਦੀ ਮੀਟਿੰਗ ਯੂਨੀਅਨ ਦੇ ਟਾਂਡਾ ਬਾਈਪਾਸ ਤੇ ਸਥਿਤ ਮੁੱਖ ਦਫਤਰ ਵਿਖੇ ਕੌਮੀ ਪ੍ਰਧਾਨ ਸੁਖਮਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਜਿਲ੍ਹੇ ਦੀ ਕਾਰਜਕਾਰਨੀ ਟੀਮ ਦੇ ਮੁੱਖ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਵੱਖ ਵੱਖ ਆਗੂਆਂ ਵਲੋਂ ਸਕੂਲ ਬੱਸ ਮਾਲਕਾਂ, ਡਰਾਈਵਰਾਂ ਅਤੇ ਕੰਡਕਟਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ।
ਇਸ ਮੌਕੇ ਬੋਲਦਿਆਂ ਯੂਨੀਅਨ ਦੇ ਕੌਮੀ ਪ੍ਰਧਾਨ ਸੁਖਮਨ ਸਿੰਘ ਧਾਲੀਵਾਲ ਨੇ ਕਿਹਾ ਕਿ ਸਕੂਲ ਬੱਸਾਂ ਦੇ ਅਪਰੇਟਰਾਂ ਵਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਰਕਾਰਾਂ, ਪ੍ਰਸ਼ਾਸਨ ਜਾਂ ਸਮਾਜ ਵਲੋਂ ਕਦੇ ਵੀ ਬਣਦਾ ਮਾਣ ਸਤਕਾਰ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਘੱਟ ਮਿਹਨਤਾਨੇ ਵਿੱਚ ਵੱਡੀਆਂ ਜਿੰਮੇਵਾਰੀਆਂ ਨਿਭਾਉਂਣ ਵਾਲੇ ਸਕੂਲ ਬੱਸ ਅਪਰੇਟਰਾਂ ਨਾਲ ਜਦੋਂ ਕਿਤੇ ਕੋਈ ਅਣਹੋਣੀ ਵਾਪਰਦੀ ਹੈ ਤਾਂ ਉਨ੍ਹਾਂ ਦੀ ਕੋਈ ਬਾਂਹ ਨਹੀਂ ਫੜਦਾ, ਸਗੋਂ ਉਲਟਾ ਉਨ੍ਹਾਂ ਨੂੰ ਹੋਰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਕਰਕੇ ਉਨ੍ਹਾਂ ਨੇ ਯੂਨੀਅਨ ਵੱਲੋਂ ਫੈਂਸਲਾ ਕੀਤਾ ਹੈ ਕਿ ਜੇਕਰ ਯੂਨੀਅਨ ਨਾਲ ਜੁੜੇ ਕਿਸੇ ਵੀ ਬੱਸ ਅਪਰੇਟਰ ਨਾਲ ਕੋਈ ਹਾਦਸਾ ਹੁੰਦਾ ਹੈ ਤਾਂ ਯੂਨੀਅਨ ਵਲੋ ਉਸ ਦੇ ਇਲਾਜ ਲਈ ਆਰਥਿਕ ਮਦਦ ਕੀਤੀ ਜਾਇਆ ਕਰੇਗੀ।
ਇਸ ਮੌਕੇ ਬੋਲਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਸ਼ੇਰਗੜ ਅਤੇ ਸਕੱਤਰ ਹਰਮਿੰਦਰ ਸਿੰਘ ਹੈੱਪੀ ਅੱਜੋਵਾਲ ਨੇ ਕਿਹਾ ਕਿ ਯੂਨੀਅਨ ਦੇ ਹੋਰ ਵਿਸਥਾਰ ਲਈ ਪੰਜਾਬ ਭਰ ਵਿੱਚ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੌ ਵੱਧ ਤੋਂ ਵੱਧ ਡਰਾਈਵਰ ਅਤੇ ਕੰਡਕਟਰ ਭਰਾ ਇਸ ਸਕੀਮ ਦਾ ਫਾਇਦਾ ਲੈ ਸਕਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਸੋਨੂੰ, ਬਲਵਿੰਦਰ ਸਿੰਘ ਧੁੱਗਾ, ਮਨਜੀਤ ਸਿੰਘ ਜੀਤਾ, ਜੈਕਬ ਮਸੀਹ, ਕਮਲਜੀਤ ਸਿੰਘ, ਜਰਨੈਲ ਸਿੰਘ, ਹਰਮਿੰਦਰ ਸਿੰਘ ਨੰਦਣ, ਗੁਲਸ਼ਨ ਕੁਮਾਰ, ਹੁਸਨ ਚੰਦ ਅਤੇ ਤਰਸੇਮ ਸਿੰਘ ਆਦਿ ਹਾਜਰ ਸਨ।