ਹਾਈ ਰਿਸਕ ਗਰਭਵਤੀਆਂ ਤੇ ਕੀਤਾ ਜਾਵੇ ਵਿਸ਼ੇਸ਼ ਫੋਕਸ : ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ
ਹੁਸ਼ਿਆਰਪੁਰ,18 ਮਈ: ਅੱਜ ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਵਲੋਂ ਅਰਬਨ ਮੈਡੀਕਲ ਅਫਸਰ ਅਤੇ ਐਲ ਐਚ ਵੀਜ਼ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ । ਉਹਨਾਂ ਕਿਹਾ ਕਿ ਮੈਟਰਨਲ ਡੈੱਥ ਨੂੰ ਰੋਕਣ ਲਈ ਹਾਈ ਰਿਸਕ ਗਰਭਵਤੀ ਮਾਵਾਂ ਦੀ ਜਲਦ ਤੋਂ ਜਲਦ ਪਹਿਚਾਣ ਕਰਕੇ ਉਹਨਾਂ ਨੂੰ ਲਾਈਨ ਲਿਸਟ ਕੀਤਾ ਜਾਵੇ ਅਤੇ ਉਹਨਾਂ ਦੀ ਖਾਸ ਦੇਖਭਾਲ ਕੀਤੀ ਜਾਵੇ । ਉਹਨਾਂ ਦਾ ਮਹੀਨੇ ਵਿਚ ਦੋ ਵਾਰ ਚੈਕ ਅਪ ਕੀਤਾ ਜਾਵੇ ਅਤੇ ਉਹਨਾਂ ਦਾ ਐਚ. ਬੀ , ਬੀ. ਪੀ ਅਤੇ ਸ਼ੂਗਰ ਨੂੰ ਰੈਗੂਲਰ ਮਾਨੀਟਰ ਕੀਤਾ ਜਾਵੇ ।ਅਨੀਮੀਆ ਦੀ ਸੂਰਤ ਵਿਚ ਉਸ ਨੂੰ ਆਇਰਨ ਫੋਲਿਕ ਐਸਿਡ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਦਿੱਤੀਆਂ ਜਾਣ ਤਾਂ ਜੋ ਜਣੇਪੇ ਵੇਲੇ ਉਸ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ । ਉਹਨਾਂ ਕਿਹਾ ਕਿ ਸਵੀਅਰ ਅਨੀਮੀਆ ਦੀ ਸੂਰਤ ਵਿਚ ਉਸ ਨੂੰ ਖੂਨ ਚੜਾਉਣ ਲਈ ਸਿਵਲ ਹਸਪਤਾਲ ਲਿਆਂਦਾ ਜਾਵੇ ਅਤੇ ਉਸ ਨੂੰ ਸ਼ੁਰੂ ਤੋਂ ਹੀ ਸੰਸਥਾਗਤ ਜਣੇਪੇ ਲਈ ਪ੍ਰੇਰਿਤ ਕੀਤਾ ਜਾਵੇ । ਗਰਭਵਤੀ ਮਾਵਾਂ ਦੇ ਸਾਰੇ ਟੈਸਟ ਟਾਈਮ ਨਾਲ ਕਰਵਾ ਕੇ ਮੈਡੀਕਲ ਸਪੈਸ਼ਲਿਸਟ ਅਤੇ ਗਾਇਨੀਕੋਲੋਜਿਸਟ ਕੋਲੋਂ ਜਾਂਚ ਯਕੀਨੀ ਬਣਾਈ ਜਾਵੇ । ਸਿਵਲ ਸਰਜਨ ਨੇ ਕਿਹਾ ਕਿ ਹਾਈ ਰਿਸਕ ਗਰਭਵਤੀਆਂ ਦਾ ਸ਼ੁਰੂ ਤੋਂ ਹੀ ਧਿਆਨ ਰੱਖਿਆ ਜਾਵੇ ਤਾਂ ਮਾਤਰੀ ਮੌਤ ਦਰ ਤੇ ਕਾਬੂ ਪਾਇਆ ਜਾ ਸਕਦਾ ਹੈ ।