ਮਾਹਿਰ ਡਾਕਟਰਾਂ ਵਲੋਂ ਗਰਭਵਤੀ ਔਰਤਾਂ ਨੂੰ ਸੁਝਾਏ ਗਏ ਸਾਰੇ ਟੈਸਟ ਕਰਾਉਣੇ ਅਤਿ ਜਰੂਰੀ ਹਨ : ਡਾ ਰਣਜੀਤ ਸਿੰਘ

ਹੁਸ਼ਿਆਰਪੁਰ 23 ਮਈ 2025 ( ਹਰਪਾਲ ਲਾਡਾ ): ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦਿਵਸ ਮੌਕੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਸੰਸਥਾਵਾਂ ਵਿੱਚ ਗਰਭਵਤੀਆਂ ਦੀ ਜਾਂਚ ਲਈ ਅੱਜ ਜਿਲੇ ਭਰ ਵਿੱਚ ਸਪੈਸ਼ਲ ਜਾਂਚ ਕੈਂਪ ਲਗਾਏ ਗਏ। ਇਹਨਾਂ ਕੈਂਪਾਂ ਦੌਰਾਨ ਗਰਭਵਤੀ ਔਰਤਾਂ ਖਾਸ ਕਰਕੇ ਖ਼ਤਰੇ ਦੇ ਚਿੰਨਾਂ ਵਾਲੀਆਂ ਗਰਭਵਤੀਆਂ ਦੇ ਸਾਰੇ ਟੈਸਟ ਮੁਫਤ ਕੀਤੇ ਗਏ।
ਇਸ ਪ੍ਰੋਗਰਾਮ ਦੇ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਆਯੋਜਿਤ ਇਸ ਦਿਵਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ ਰਣਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਜਾਇਜਾ ਲਿਆ ਗਿਆ। ਇਸ ਮੌਕੇ ਗਾਇਨੀਕੋਲੋਜਿਸਟ ਡਾ ਮੰਜਰੀ ਅਰੋੜਾ ਅਤੇ ਡਾ. ਪਰਵਾਜ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਬੀ.ਈ.ਈ ਅਮਨਦੀਪ ਸਿੰਘ ਅਤੇ ਏਐਨਐਮ ਨੀਲਮ ਮੌਜੂਦ ਸਨ।


ਡਾ ਰਣਜੀਤ ਸਿੰਘ ਨੇ ਇਸ ਦੌਰਾਨ ਮੌਜੂਦ ਗਰਭਵਤੀ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਗਰਭਵਤੀ ਔਰਤ ਦੇ ਗਰਭ ਦੌਰਾਨ ਸਮੇ ਸਮੇਂ ਸਿਰ ਜਾਂਚ ਹੁੰਦੀ ਰਹੇ ਤਾਂ ਉਸ ਦਾ ਜਣੇਪਾ ਸੁਰੱਖਿਅਤ ਅਤੇ ਸੌਖਾ ਹੋ ਜਾਂਦਾ ਹੈ। ਇਸ ਲਈ ਸਾਰੀਆਂ ਗਰਭਵਤੀ ਔਰਤਾਂ ਨੂੰ ਜਣੇਪੇ ਦੌਰਾਨ ਆਪਣੇ ਚਾਰ ਚੇਕਅੱਪ ਅਤੇ ਡਾਕਟਰ ਵਲੋਂ ਦੱਸੇ ਗਏ ਸਾਰੇ ਟੈਸਟ ਸਮੇਂ ਸਿਰ ਜਰੂਰ ਕਰਵਾਉਣੇ ਚਾਹੀਦੇ ਹਨ ਤਾਂ ਜੋ ਖਤਰੇ ਦੇ ਚਿੰਨਾਂ ਵਾਲੀਆਂ ਗਰਭਵਤੀ ਔਰਤਾਂ ਦੀ ਪਛਾਣ ਹੋ ਸਕੇ ਅਤੇ ਸਮਾਂ ਰਹਿੰਦੇ ਉਹਨਾ ਦਾ ਇਲਾਜ਼ ਹੋ ਸਕੇ ।

ਉਹਨਾਂ ਆਸ਼ਾ ਵਰਕਰਾਂ ਨੂੰ ਕਿਹਾ ਕਿ ਉਹ ਖਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਜਰੂਰ ਲੈ ਕੇ ਆਉਣ ਤਾਂ ਜੋ ਗਰਭਵਤੀ ਮਾਵਾਂ ਦੇ ਸਮੇਂ ਸਿਰ ਲੋੜੀਂਦੇ ਟੈਸਟ ਕਰਕੇ ਅਤੇ ਸਿਹਤ ਸੇਵਾਵਾਂ ਦੇ ਕੇ ਜਣੇਪੇ ਦੌਰਾਨ ਆਉਣ ਵਾਲੇ ਖਤਰੇ ਨੂੰ ਟਾਲਿਆ ਜਾ ਸਕੇ ਅਤੇ ਸੁਰੱਖਿਅਤ ਜਣੇਪਾ ਕਰਵਾਇਆ ਜਾ ਸਕੇ। ਉਨ੍ਹਾਂ ਨੂੰ ਜਣੇਪੇ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਦੱਸਿਆ।