ਖਸਰਾ ਅਤੇ ਰੁਬੇਲਾ ਖਾਤਮਾ ਮੁਹਿੰਮ ਲਈ ਆਮ ਲੋਕਾਂ ਦਾ ਜਾਗਰੂਕ ਹੋਣਾ ਜਰੂਰੀ: ਜ਼ਿਲਾ ਟੀਕਾਕਰਣ ਅਫ਼ਸਰ

ਹੁਸ਼ਿਆਰਪੁਰ 25 ਮਈ 2025 ( ਹਰਪਾਲ ਲਾਡਾ ): ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਖਸਰਾ ਅਤੇ ਰੁਬੇਲਾ ਖਾਤਮਾ ਮੁਹਿੰਮ (2025-26) ਸ਼ੁਰੂ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਨੇ ਦੱਸਿਆ ਕਿ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਖਸਰਾ ਅਤੇ ਰੁਬੇਲਾ ਛੂਤ ਵਾਲੇ ਵਾਇਰਲ ਰੋਗ ਹਨ ਜਿਨ੍ਹਾਂ ਦੇ ਨਤੀਜੇ ਵਜੋਂ ਗੰਭੀਰ ਬਿਮਾਰੀਆਂ ਅਤੇ ਪੇਚੀਦਗੀਆਂ ਹੋ ਸਕਦੀਆਂ ਹਨ, ਜਿਵੇਂ ਕਿ ਨਿਮੋਨੀਆ, ਦਸਤ, ਦਿਮਾਗ ਦੀ ਸੋਜ ਅਤੇ ਇੱਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ। ਇਹਨਾਂ ਤੋਂ ਬਚਣ ਦਾ ਇਕੋ ਇੱਕ ਹੱਲ ਹੈ ਸੰਪੂਰਣ ਟੀਕਾਕਰਣ।
ਡਾ ਸੀਮਾ ਨੇ ਦੱਸਿਆ ਕਿ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਦੇ ਤਹਿਤ ਐਮਆਰ ਟੀਕੇ ਦੀਆਂ 2 ਖੁਰਾਕਾਂ ਦਿੱਤੀਆਂ ਜਾਂਦੀਆਂ ਹਨ- ਪਹਿਲੀ ਖੁਰਾਕ 9-12 ਮਹੀਨਿਆਂ ਵਿੱਚ ਅਤੇ ਦੂਜੀ 16-24 ਮਹੀਨਿਆਂ ਵਿੱਚ। ਐਮਆਰ ਟੀਕੇ ਦੀ ਦੂਜੀ ਖੁਰਾਕ ਖਸਰਾ ਅਤੇ ਰੁਬੇਲਾ ਦੋਵਾਂ ਦੇ ਵਿਰੁੱਧ 95% ਤੋਂ ਵੱਧ ਪ੍ਰਭਾਵ ਪ੍ਰਦਾਨ ਕਰਦੀ ਹੈ। ਇਹ ਮੁਹਿੰਮ ਐਮਆਰ ਟੀਕੇ ਦੀਆਂ ਦੋ ਖੁਰਾਕਾਂ ਵਾਲੇ ਯੋਗ ਲਾਭਪਾਤਰੀਆਂ ਦੇ ਟੀਕਾਕਰਨ ‘ਤੇ ਕੇਂਦ੍ਰਿਤ ਹੋਵੇਗੀ ਅਤੇ ਨਾਲ ਹੀ ਹੋਰ ਟੀਕਿਆਂ ਦੇ ਸਮੇਂ ਸਿਰ ਪ੍ਰਬੰਧਨ ਦੇ ਨਾਲ, ਐਮਆਰ ਖਾਤਮੇ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਬੱਚਿਆਂ ਵਿਚਕਾਰ ਘੱਟ ਕਵਰੇਜ ਅਤੇ ਪੂਅਰ ਇਮਿਊਨਿਟੀ ਪੱਧਰਾਂ ਦੇ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰੇਗੀ। ਐਮਆਰ ਐਲੀਮੀਨੇਸ਼ਨ ਪ੍ਰੋਗਰਾਮ 24 ਅਪ੍ਰੈਲ 2025 ਨੂੰ ਪੂਰੇ ਭਾਰਤ ਵਿੱਚ ਸ਼ੁਰੂ ਕੀਤਾ ਗਿਆ ਸੀ।


ਉਹਨਾਂ ਕਿਹਾ ਕਿ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੂੰ ਐਮਆਰ1 ਜਾਂ ਐਮਆਰ2 ਟੀਕਾਕਰਨ, ਜਾਂ ਦੋਵਾਂ ਦੀ ਲੋੜ ਹੈ। ਸਾਡੀਆਂ ਏਐਨਐਮ ਅਤੇ ਆਸ਼ਾ ਵਰਕਰਜ਼ ਉਨ੍ਹਾਂ ਨੂੰ ਟੀਕਾਕਰਨ ਲਈ ਨਿਰਧਾਰਤ ਟੀਕਾਕਰਨ ਸੈਸ਼ਨ ਸਾਈਟਾਂ ‘ਤੇ ਬੁਲਾ ਰਹੀਆਂ ਹਨ। ਕੱਚਾ ਟੋਭਾ, ਗੜ੍ਹੀ ਗੇਟ, ਕ੍ਰਿਸ਼ਨਾ ਨਗਰ ਆਦਿ ਵੱਖ-ਵੱਖ ਇਲਾਕਿਆਂ ਵਿੱਚ ਖਸਰੇ ਦੇ ਕੁਝ ਸ਼ੱਕੀ ਮਾਮਲੇ ਸਾਹਮਣੇ ਆਉਣ ਕਾਰਨ, ਐਮਪੀਐਚ ਡਬਲਿਊ (ਮੇਲ), ਏਐਨਐਮ ਅਤੇ ਆਸ਼ਾ ਵਰਕਰਾਂ ਦੁਆਰਾ ਇਹਨਾ ਖੇਤਰਾਂ ਵਿੱਚ ਖਸਰੇ ਦੇ ਕਿਸੇ ਵੀ ਸ਼ੱਕੀ ਮਾਮਲੇ ਦਾ ਪਤਾ ਲਗਾਉਣ ਲਈ ਘਰ ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਮੁਹੱਲਾ ਕ੍ਰਿਸ਼ਣਾ ਨਗਰ ਦੇ ਮਿਊਂਸਿਪਲ ਕਾਊਂਸਲਰ ਮੀਨਾ ਸ਼ਰਮਾ ਦੇ ਸਹਿਯੋਗ ਨਾਲ ਉਹਨਾਂ ਦੇ ਘਰ ਕ੍ਰਿਸ਼ਣਾ ਨਗਰ ਵਿਖੇ ਇਕ ਟੀਕਾਕਰਣ ਸੈਸ਼ਨ ਵੀ ਲਗਾਇਆ ਗਿਆ। ਜਿਸ ਵਿੱਚ ਉਹਨਾਂ ਬੱਚਿਆਂ ਨੂੰ ਐਮਆਰ ਵੈਕਸੀਨ ਲਗਾਈ ਗਈ ਜਿਹਨਾ ਦੀ ਇਹ ਵੈਕਸੀਨ ਡਿਯੂ ਸੀ ਜਾਂ ਅਜੇ ਲੱਗੀ ਨਹੀਂ ਸੀ।

ਡਾ ਸੀਮਾ ਗਰਗ ਨੇ ਕਿਹਾ ਕਿ ਇਹ ਮੁਹਿੰਮ ਤਾਂ ਹੀ ਸਫਲ ਹੋ ਸਕਦੀ ਹੈ ਜੇ ਆਮ ਜਨ ਇਸ ਪ੍ਰਤੀ ਜਾਗਰੂਕ ਹੋਣਗੇ। ਉਹਨਾਂ ਜ਼ਿਲ੍ਹੇ ਦੇ ਸਾਰੇ ਨਿਵਾਸੀਆਂ ਨੂੰ ਨਿਮਰਤਾ ਸਹਿਤ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਵਿੱਚ ਮੀਜ਼ਲ ਜਾਂ ਰੁਬੈਲਾ ਦੇ ਲੱਛਣ ਜਿਵੇਂ ਕਿ ਸ਼ਰੀਰ ਤੇ ਧੱਫੜ , ਬੁਖਾਰ, ਨੱਕ ਵਗਣਾ ਜਾਂ ਲਾਲ ਦਾਣੇ ਨਜ਼ਰ ਆਉਣ ਤੇ ਨੇੜੇ ਦੇ ਆਯੁਸ਼ਮਾਨ ਅਰੋਗਿਆ ਕੇਂਦਰ ਜਾਂ ਆਮ ਆਦਮੀ ਕਲੀਨਿਕ ਤੇ ਸੰਪਰਕ ਕਰਨ ਜਿੱਥੇ ਹਰ ਤਰਾਂ ਦੀ ਸਲਾਹ-ਮਸ਼ਵਰਾ, ਟੈਸਟਿੰਗ ਦੇ ਨਾਲ-ਨਾਲ ਇਲਾਜ ਵੀ ਮੁਫ਼ਤ ਦਿੱਤਾ ਜਾਂਦਾ ਹੈ।