ਭਾਖੜਾ ਬਿਆਸ ਮੈਨੇਜਮੈਂਟ ਬੋਰਡ ਖਿਲਾਫ ਚੱਬੇਵਾਲ ਦੇ ਵਿਧਾਇਕ ਡਾ. ਈਸ਼ਾਂਕ ਦਾ ਧਰਨਾ, ਪਾਣੀ ਦੀ ਵੰਡ ਨੂੰ ਲੈ ਕੇ ਉਠਾਈ ਆਵਾਜ਼

ਹੁਸ਼ਿਆਰਪੁਰ : ਪੰਜਾਬ ਵਿਚ ਪਾਣੀ ਦੇ ਅਧਿਕਾਰਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਆਵਾਜ਼ ਉੱਭਰੀ ਹੈ। ਚੱਬੇਵਾਲ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਡਾ. ਈਸ਼ਾਂਕ ਨੇ ਸੋਮਵਾਰ ਨੂੰ ਨੰਗਲ ਡੈਮ ‘ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਖਿਲਾਫ ਜ਼ੋਰਦਾਰ ਧਰਨਾ ਦਿੱਤਾ। ਇਸ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਹੋ ਰਹੀ ਹੈ, ਜਿਸ ‘ਚ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਦੀ ਸਿੱਧੀ ਪ੍ਰੇਰਣਾ ਅਤੇ ਰਹਿਨੁਮਾਈ ਸ਼ਾਮਲ ਹੈ। ਧਰਨੇ ਵਿੱਚ ਡਾ. ਈਸ਼ਾਂਕ ਦੇ ਨਾਲ ਕਈ ਮਹੱਤਵਪੂਰਨ ਨੇਤਾ ਅਤੇ ਅਹੁਦੇਦਾਰ ਵੀ ਮੌਜੂਦ ਸਨ, ਜਿਨ੍ਹਾਂ ਵਿੱਚ ਗੁਰਵਿੰਦਰ ਸਿੰਘ ਪਾਬਲਾ, ਸੰਦੀਪ ਸੈਣੀ (ਬੈਕ ਫਿਨਕੋ ਚੇਅਰਮੈਨ), ਹਰਜੀਤ ਸਿੰਘ (ਮਾਰਕੀਟ ਕਮੇਟੀ ਮੁਖੇਰੀਆਂ ਚੇਅਰਮੈਨ), ਜਸਪਾਲ ਸਿੰਘ ਚੇਚੀ (ਮਾਰਕੀਟ ਕਮੇਟੀ ਹੁਸ਼ਿਆਰਪੁਰ ਚੇਅਰਮੈਨ), ਅਨੀਸ਼ ਕੁਮਾਰ ਅਤੇ ਬਲਵਿੰਦਰ ਸੋਨੀ ਸ਼ਾਮਲ ਸਨ।
ਧਰਨੇ ਦਾ ਮੁੱਖ ਮਸਲਾ ਪੰਜਾਬ ਨੂੰ ਉਸਦੇ ਹਿੱਸੇ ਦਾ ਪਾਣੀ ਨਾ ਮਿਲਣਾ ਹੈ । ਡਾ. ਈਸ਼ਾਂਕ ਨੇ ਕਿਹਾ ਕਿ BBMB ਲੰਮੇ ਸਮੇਂ ਤੋਂ ਪੰਜਾਬ ਦੇ ਜਲ ਅਧਿਕਾਰਾਂ ਦੀ ਅਣਦੇਖੀ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਏ ਕਿ ਕੇਂਦਰ ਸਰਕਾਰ ਅਤੇ BBMB ਵੱਲੋਂ ਪੰਜਾਬ ਦੇ ਹਿੱਸੇ ਦਾ ਪਾਣੀ ਹੋਰ ਰਾਜਾਂ ਨੂੰ ਵੱਧ ਮਾਤਰਾ ‘ਚ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਕਿਸਾਨ ਅਤੇ ਆਮ ਲੋਕ ਪ੍ਰਭਾਵਿਤ ਹੋ ਰਹੇ ਹਨ। ਡਾ. ਈਸ਼ਾਂਕ ਨੇ ਕਿਹਾ, “ਪੰਜਾਬ ਦੇ ਕਿਸਾਨ ਪਹਿਲਾਂ ਹੀ ਮੌਸਮ ਦੀ ਮਾਰ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਜੇਕਰ ਉਨ੍ਹਾਂ ਨੂੰ ਉਹਨਾਂ ਦਾ ਹਿੱਸਾ ਪਾਣੀ ਨਹੀਂ ਮਿਲਦਾ, ਤਾਂ ਇਹ ਉਨ੍ਹਾਂ ਦੇ ਹੋਂਦ ਉੱਤੇ ਸੰਕਟ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਅਗਵਾਈ ਹੇਠ ਅਸੀਂ ਹੁਣ ਇਹ ਅਨਿਆ ਨਹੀਂ ਸਹਾਰਾਗੇ।”


ਉਨ੍ਹਾਂ ਕਿਹਾ ਕਿ ਇਹ ਧਰਨਾ ਸਿਰਫ ਇਕ ਚੇਤਾਵਨੀ ਹੈ। ਜੇਕਰ ਜਲਦੀ ਹਾਲਾਤਾਂ ਵਿਚ ਸੁਧਾਰ ਨਾ ਆਇਆ, ਤਾਂ ਇਹ ਸੰਘਰਸ਼ ਸੂਬੇ ਭਰ ‘ਚ ਤੇਜ਼ ਕੀਤਾ ਜਾਵੇਗਾ। ਸੰਦੀਪ ਸੈਣੀ ਨੇ ਕਿਹਾ, “ਪੰਜਾਬ ਦੇ ਹੱਕ ਦਾ ਪਾਣੀ ਜ਼ਬਰਦਸਤੀ ਖੋਹ ਕੇ ਹੋਰ ਰਾਜਾਂ ਨੂੰ ਦੇਣਾ ਨਾ ਸਿਰਫ ਸੰਵਿਧਾਨ ਦਾ ਉਲੰਘਣ ਹੈ, ਸਗੋਂ ਇਹ ਸਾਡੇ ਕਿਸਾਨਾਂ ਦੀ ਪਿੱਠ ‘ਚ ਛੁਰੀ ਮਾਰਨ ਦੇ ਬਰਾਬਰ ਹੈ।” ਹਰਜੀਤ ਸਿੰਘ ਅਤੇ ਜਸਪਾਲ ਸਿੰਘ ਚੇਚੀ ਨੇ ਕਿਹਾ ਕਿ ਇਹ ਧਰਨਾ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਹੈ, ਜੋ ਹੁਣ ਹੋਰ ਦਬਾਈ ਨਹੀਂ ਜਾ ਸਕਦੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਨੇਤ੍ਰਤਵ ਨਾਲ ਮਿਲ ਕੇ ਇਹ ਸੰਘਰਸ਼ ਹੁਣ ਸਿਰਫ਼ ਕਿਸਾਨਾਂ ਦਾ ਨਹੀਂ, ਸੂਬੇ ਦੇ ਹਰ ਨਾਗਰਿਕ ਦਾ ਹੋ ਗਿਆ ਹੈ। ਧਰਨੇ ‘ਚ ਸ਼ਾਮਿਲ ਪਾਰਟੀ ਵਰਕਰਾਂ ਦੇ ਹੱਥਾਂ ‘ਚ ਤਖ਼ਤੀਆਂ ਤੇ ਬੈਨਰ ਸਨ, ਜਿਨ੍ਹਾਂ ‘ਤੇ “ਪਾਣੀ ਸਾਡਾ ਹੱਕ ਹੈ”, “BBMB ਹੋਸ਼ ਵਿੱਚ ਆਓ” ਅਤੇ “ਪੰਜਾਬ ਦੇ ਹੱਕ ਦਾ ਪਾਣੀ ਵਾਪਸ ਦਿਓ” ਵਰਗੇ ਨਾਅਰੇ ਲਿਖੇ ਹੋਏ ਸਨ। ਪ੍ਰਦਰਸ਼ਨ ਸ਼ਾਂਤਮਈ ਰਿਹਾ, ਪਰ ਲੋਕਾਂ ਦੀ ਭਾਵਨਾ ਦ੍ਰਿੜ੍ਹ ਅਤੇ ਉੱਤਜੀਤ ਸੀ। ਡਾ. ਈਸ਼ਾਂਕ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਾਫ਼ ਕਰ ਦਿੱਤਾ ਕਿ ਜਦ ਤੱਕ ਪੰਜਾਬ ਨੂੰ ਉਸਦਾ ਹੱਕ ਨਹੀਂ ਮਿਲਦਾ, ਇਹ ਸੰਘਰਸ਼ ਜਾਰੀ ਰਹੇਗਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਆਪਣੀ ਆਵਾਜ਼ ਉੱਚੀ ਕਰਦਾ ਰਹੇਗਾ।