ਮਹਾਵੀਰ ਸੇਤੁ ਤੋਂ ਧੋਬੀਘਾਟ ਤੱਕ ਦੇ ਰਸਤੇ ਦਾ ਨਾਮ ਰੱਖਿਆ ’ਸ੍ਰੀ ਰਾਮਪਥ’

ਹੁਸ਼ਿਆਰਪੁਰ, 7 ਅਪ੍ਰੈਲ: ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਸ੍ਰੀ ਸਨਾਤਨ ਧਰਮ ਸਭਾ ਹੁਸ਼ਿਆਰਪੁਰ ਵਲੋਂ ਮਹਾਵੀਰ ਸੇਤੁ ਤੋਂ ਲੈ ਕੇ ਧੋਬੀਘਾਟ ਤੱਕ ਦੇ ਰਸਤੇ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਨਾਮ ’ਤੇ ’ਸ੍ਰੀ ਰਾਮਪਥ’ ਰੱਖਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੀ ਇਸ ਮੰਗ ਨੂੰ ਨਗਰ ਨਿਗਮ ਦੀ ਹਾਊਸ ਮੀਟਿੰਗ ਵਿਚ ਰੱਖਿਆ ਗਿਆ ਅਤੇ ਹਾਉਸ ਵਲੋਂ ਇਸ ਪ੍ਰਸਤਾਵ ਨੂੰ ਸਵੀਕਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਹਾਵੀਰ ਸੇਤੁ ਤੋਂ ਲੈ ਕੇ ਧੋਬੀਘਾਟ ਤੱਕ ਦੇ ਰਸਤੇ ਨੂੰ ਹੁਣ ’ਸ੍ਰੀ ਰਾਮਪਥ’ ਦੇ ਨਾਮ ਨਾਲ ਜਾਣਿਆ ਜਾਵੇਗਾ।
ਵਿਧਾਇਕ ਜਿੰਪਾ ਨੇ ਦੱਸਿਆ ਕਿ ਇਹ ਨਾ ਸਿਰਫ ਇਕ ਨਾਮ ਬਦਲਣਾ ਹੈ ਬਲਕਿ ਇਹ ਧਾਰਮਿਕ ਅਸਥਾ ਅਤੇ ਸੰਸਕ੍ਰਿਤਕ ਵਿਰਾਸਤ ਨੂੰ ਸਨਮਾਨ ਦੇਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਪੂਰੇ ਰਸਤੇ ਦਾ ਸੁੰਦਰੀਕਰਨ ਵੀ ਉਚ ਪੱਧਰ ’ਤੇ ਕੀਤਾ ਜਾਵੇਗਾ ਜਿਸ ਨਾਲ ਇਹ ਰਸਤਾ ਸ਼ਹਿਰ ਦੀ ਸ਼ੋਭਾ ਵਧਾਏਗਾ।


ਇਸ ਮੌਕੇ ਵਿਧਾਇਕ ਜਿੰਪਾ ਨੇ ਦੁਸਹਿਰਾ ਗਰਾਉਂਡ ਵਿਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਵੀ ਕੀਤੀ। ਇਥੇ ਪੌੜੀਆਂ ਦੇ ਨਿਰਮਾਣ ਅਤੇ ਮੈਦਾਨ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੁਸਹਿਰਾ ਗਰਾਉਂਡ ਧਾਰਮਿਕ ਅਤੇ ਸਮਾਜਿਕ ਦ੍ਰਿਸ਼ਟੀ ਤੋਂ ਬਹੁਤ ਮਹੱਤਵੂਰਨ ਜਗ੍ਹਾ ਹੈ ਅਤੇ ਇਸ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ, ਸ੍ਰੀ ਸਨਾਤਨ ਧਰਮ ਸਭਾ ਤੇ ਸ੍ਰੀ ਰਾਮ ਲੀਲਾ ਕਮੇਟੀ ਦੇ ਨੁਮਾਇੰਦਿਆਂ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।