ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਸੀਜਨ-7 ਸਫਲਤਾਪੂਰਵਕ ਸੰਪੰਨ

ਹੁਸ਼ਿਆਰਪੁਰ ( ਹਰਪਾਲ ਲਾਡਾ ): ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ਕਰਵਾਇਆ ਗਿਆ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਸੀਜਨ-7 ਸਫਲਤਾਪੂਰਵਕ ਸੰਪੰਨ ਹੋ ਗਿਆ ਜਿਸ ਵਿੱਚ ਦੇਸ਼ ਭਰ ਤੋਂ 400 ਦੇ ਲੱਗਭੱਗ ਸਾਈਕਲਿਸਟਾਂ ਨੇ ਭਾਗ ਲਿਆ ਤੇ ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਸਾਈਕਲੋਥਾਨ ਦੀ ਸ਼ੁਰੂਆਤ ਸਵੇਰੇ 7 ਵਜੇ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਬੂਲਾਵਾੜੀ ਤੋਂ ਹੋਈ ਜਿੱਥੇ ਕਲੱਬ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਦੀ ਅਗਵਾਈ ਹੇਠ ਪੁੱਜੇ ਵਿਸ਼ੇਸ਼ ਮਹਿਮਾਨਾਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ ਵੱਲੋਂ ਹਰੀ ਝੰਡੀ ਵਿਖਾ ਕੇ ਸਾਈਕਲਿਸਟਾਂ ਨੂੰ ਰਵਾਨਾ ਕੀਤਾ ਗਿਆ, ਇਸ ਤੋਂ ਪਹਿਲਾ ਜੇ.ਐੱਸ.ਐੱਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦੇ ਸਪੈਸ਼ਲ ਬੱਚਿਆਂ ਵੱਲੋਂ ਸਪੈਸ਼ਲ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।


ਇਸ ਮੌਕੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਤੰਦਰੁਸਤੀ ਤੋਂ ਵੱਡੀ ਕੋਈ ਵੀ ਸੌਂਗਾਤ ਨਹੀਂ ਹੈ ਅਤੇ ਸਾਈਕਲਿੰਗ ਤਹਾਨੂੰ ਫਿੱਟ ਰਹਿਣ ਵਿੱਚ ਮਦਦ ਕਰਦੀ ਹੈ, ਉਨ੍ਹਾਂ ਕਿਹਾ ਕਿ ਫਿੱਟ ਬਾਈਕਰ ਕਲੱਬ ਵੱਲੋਂ ਕਰਵਾਈ ਜਾ ਰਹੀ ਇਸ ਸਾਈਕਲੋਥਾਨ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਹ ਘੱਟ ਹੈ। ਇਸ ਦੌਰਾਨ ਸਾਈਕਲਿਸਟਾਂ ਵੱਲੋਂ ਹੁਸ਼ਿਆਰਪੁਰ ਤੋਂ ਟਾਂਡਾ-ਚੌਂਲਾਂਗ ਤੇ ਫਿਰ ਵਾਪਿਸ ਹੁਸ਼ਿਆਰਪੁਰ ਦੀ 100 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਪੂਰੇ ਰਸਤੇ ਵਿੱਚ ਟ੍ਰੈਫਿਕ ਵਿਵਸਥਾ ਤੇ ਸੁਰੱਖਿਆ ਦੇ ਪ੍ਰਬੰਧ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਸਨ।

ਇਸ ਮੌਕੇ ਫਿੱਟ ਬਾਈਕਰ ਕਲੱਬ ਦੇ ਮੈਂਬਰਾਂ ਵੱਲੋਂ ਪ੍ਰਧਾਨ ਪਰਮਜੀਤ ਸੱਚਦੇਵਾ ਦੀ ਅਗਵਾਈ ਹੇਠ 1 ਲੱਖ 40 ਹਜਾਰ ਦੀ ਰਾਸ਼ੀ ਦਾ ਚੈੱਕ ਆਸ਼ਾ ਕਿਰਨ ਸਕੂਲ ਦੀ ਕਮੇਟੀ ਨੂੰ ਸੌਂਪਿਆ ਗਿਆ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਸਾਈਕਲੋਥਾਨ ਵਿੱਚ 7 ਸਾਲ ਦੇ ਬੱਚੇ ਅਤੇ 70 ਸਾਲ ਤੱਕ ਦੇ ਬਜ਼ੁਰਗਾਂ ਨੇ ਹਿੱਸਾ ਲਿਆ ਹੈ ਤੇ ਕਲੱਬ ਮੈਂਬਰਾਂ ਵੱਲੋਂ ਇਸ ਦੀ ਸਫਲਤਾ ਲਈ ਪੂਰੀ ਮੇਹਨਤ ਕੀਤੀ ਗਈ। ਇਸ ਸਮੇਂ ਉੱਤਮ ਸਿੰਘ ਸਾਬੀ, ਮੁਨੀਰ ਨਾਜਰ, ਸੰਜੀਵ ਸੋਹਲ, ਉਕਾਂਰ ਸਿੰਘ ਚੱਬੇਵਾਲ, ਅਮਰਿੰਦਰ ਸੈਣੀ, ਗੁਰਵਿੰਦਰ ਸਿੰਘ, ਤਰਲੋਚਨ ਸਿੰਘ, ਗੁਰਮੇਲ ਸਿੰਘ, ਉਕਾਂਰ ਸਿੰਘ, ਰੋਹਿਤ ਬੱਸੀ, ਸੌਰਵ ਸ਼ਰਮਾ, ਦੌਲਤ ਸਿੰਘ, ਸਾਗਰ ਸੈਣੀ ਆਦਿ ਵੀ ਹਾਜਰ ਸਨ।