ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਸੀ.ਐੱਚ.ਸੀ. ਰਾਹੋਂ ਨੂੰ ਮੈਡੀਕਲ ਉਪਕਰਣ ਕੀਤੇ ਮੁਹੱਈਆ

ਨਵਾਂਸ਼ਹਿਰ, 4 ਅਪ੍ਰੈਲ, 2025 ( ਹਰਪਾਲ ਲਾਡਾ ): ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ.ਓ.ਸੀ.) ਨੇ ਆਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪ੍ਰੋਗਰਾਮ ਤਹਿਤ ਰਾਹੋਂ ਸਰਕਾਰੀ ਹਸਪਤਾਲ ਨੂੰ ਐਕਸਰੇ ਮਸ਼ੀਨ, ਸੀ.ਟੀ.ਜੀ. ਮਸ਼ੀਨ, ਈ.ਸੀ.ਜੀ. ਮਸ਼ੀਨ ਅਤੇ ਡੈਂਟਲ ਐਂਡੋਮੋਟਰ ਸਮੇਤ ਮੈਡੀਕਲ ਉਪਕਰਣ ਮੁਹੱਈਆ ਕੀਤੇ ਹਨ।
ਸ਼ੈਲੇਸ਼ ਤਿਵਾੜੀ ਕਾਰਜਕਾਰੀ ਨਿਰਦੇਸ਼ਕ ਅਤੇ ਖੇਤਰੀ ਮੁਖੀ, ਉੱਤਰੀ ਖੇਤਰ ਪਾਈਪਲਾਈਨਜ਼ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਪਾਣੀਪਤ ਨੇ ਸ਼ੁੱਕਰਵਾਰ ਨੂੰ ਇੱਥੇ ਸੀ.ਐੱਚ.ਸੀ. ਰਾਹੋਂ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਮੈਡੀਕਲ ਉਪਕਰਣਾਂ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਜੇਕੇ ਰਾਏ ਮੁੱਖ ਜਨਰਲ ਮੈਨੇਜਰ (ਓਪਰੇਸ਼ਨ), ਉੱਤਰੀ ਖੇਤਰ, ਸ਼੍ਰੀ ਰਾਜੀਵ ਰੰਜਨ ਜਨਰਲ ਮੈਨੇਜਰ (ਓਪਰੇਸ਼ਨ), ਉੱਤਰੀ ਖੇਤਰ ਪਾਈਪਲਾਈਨਜ਼ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਪਾਣੀਪਤ, ਪ੍ਰਸ਼ਾਂਤ ਠਾਕੁਰ ਡੀਜੀਐਮ (ਓਪਰੇਸ਼ਨ), ਉੱਤਰੀ ਖੇਤਰ ਪਾਈਪਲਾਈਨਜ਼ ਜਲੰਧਰ, ਡਾ. ਸੋਨੀਆ ਐਸਐਮਓ ਰਾਹੋਂ ਵੀ ਮੌਜੂਦ ਸਨ।


ਇਸ ਮੌਕੇ ‘ਤੇ, ਸ਼੍ਰੀ ਸ਼ੈਲੇਸ਼ ਤਿਵਾੜੀ ਨੇ ਕਿਹਾ ਕਿ “ ਸੀਐਚਸੀ ਰਾਹੋਂ ਵਿਖੇ ਇਹ ਉਪਕਰਣ ਮਰੀਜ਼ਾਂ ਦੀ ਜ਼ਰੂਰਤ ਲਈ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਦਿੱਤੇ ਗਏ ਹਨ।

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੀ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ, ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਇਹ ਮੈਡੀਕਲ ਉਪਕਰਣ ਇਲਾਕੇ ਦੇ ਮਰੀਜ਼ਾਂ ਦੇ ਇਲਾਜ ਵਿੱਚ ਬਹੁਤ ਉਪਯੋਗੀ ਹੋਣਗੇ।
ਸੀਨੀਅਰ ਮੈਡੀਕਲ ਅਫਸਰ ਡਾ ਸੋਨੀਆ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦਾ ਕਮਿਊਨਿਟੀ ਹੈਲਥ ਸੈਂਟਰ (ਸੀ ਐੱਚ ਸੀ) ਨੂੰ ਇਹ ਮੈਡੀਕਲ ਉਪਕਰਣ ਪ੍ਰਦਾਨ ਕਰਨ ਲਈ ਧੰਨਵਾਦ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਉਪਕਰਣ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਲਾਭ ਪਹੁੰਚਾਉਣਗੇ।