ਜ਼ਰਾ ਬਚ ਕੇ ਫਾਸਟ ਫੂਡ ਤੋਂ ! ਸਿਹਤ ਦਾ ਹੈ ਇਹ ਖ਼ਤਰਨਾਕ ਦੁਸ਼ਮਣ- ਸਿਵਲ ਸਰਜਨ ਡਾ ਪਵਨ ਕੁਮਾਰ

ਹੁਸ਼ਿਆਰਪੁਰ ( ਹਰਪਾਲ ਲਾਡਾ ): ਇਹ ਗ਼ਲਤ ਨਹੀਂ ਹੋਵੇਗਾ ਕਿ ਅੱਜ ਜੋ ਮਹੱਤਵ ਸਿਹਤ ਨੂੰ ਦਿੱਤਾ ਜਾਣਾ ਚਾਹੀਦਾ ਹੈ, ਉਹ ਸਵਾਦ ਨੂੰ ਦਿੱਤਾ ਜਾ ਰਿਹਾ ਹੈ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਫਾਸਟ ਫੂਡ ਖਾਣਾ ਹੀ ਫ਼ੈਸ਼ਨ ਹੋ ਗਿਆ ਹੈ ਤੇ ਇਹ ਫੈਸ਼ਨ ਮਨੁੱਖ ਜਾਤੀ ਦੇ ਭਵਿੱਖ ਅੱਗੇ ਵੱਡਾ ਸਵਾਲ ਖੜ੍ਹਾ ਕਰ ਰਿਹਾ ਹੈ।
ਇਸ ਨੂੰ ਦੇਖਦੇ ਹੋਏ ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ ਨੇ ਐਡਵਾਇਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਖਾਣ-ਪੀਣ ਵਿਚ ਫਾਸਟ ਫੂਡ ਜਾਂ ਜੰਕ ਫੂਡ ਨੇ ਬਹੁਤ ਵੱਡੀ ਜਗ੍ਹਾ ਬਣਾ ਲਈ ਹੈ। ਇਥੋਂ ਤੱਕ ਕਿ ਵੱਖ-ਵੱਖ ਮੌਕਿਆਂ ਤੇ ਲਾਏ ਜਾ ਰਹੇ ਲੰਗਰਾਂ ਵਿੱਚ ਵੀ ਫਾਸਟ ਫੂਡ ਦੇ ਸਟਾਲ ਲਗਾਏ ਜਾ ਰਹੇ ਹਨ। ਕਈ ਵਾਰ ਲੰਗਰਾਂ ਵਿੱਚ ਵੀ ਸਾਫ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਜਿਸ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਬੀਮਾਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।


ਸਿਵਲ ਸਰਜਨ ਨੇ ਦੱਸਿਆ ਕਿ ਜੇ ਅਸੀਂ ਅਜਿਹੇ ਭੋਜਨ ਪਦਾਰਥਾਂ ਦੀ ਬਜਾਏ ਸਾਦੇ ਖਾਣੇ ਨੂੰ ਪਹਿਲ ਦੇਵਾਂਗੇ ਤਾਂ ਸਾਡੀ ਸਿਹਤ ਤੰਦਰੁਸਤ ਰਹਿ ਸਕਦੀ ਹੈ। ਜੰਕ ਫੂਡ ਵਿੱਚ ਕੋਈ ਵੀ ਵਿਟਾਮਿਨਜ਼ ਅਤੇ ਪੌਸ਼ਟਿਕ ਤੱਤ ਬਚਿਆ ਨਹੀਂ ਰਹਿੰਦਾ। ਇਸ ਸਬੰਧੀ ਜ਼ਰਾ ਗੌਰ ਕੀਤਾ ਜਾਵੇ ਤਾਂ ਇਹ ਫਾਸਟ ਫੂਡ ਸਾਡੇ ਸਰੀਰ ਲਈ ਫਾਇਦੇਮੰੰਦ ਨਹੀਂ ਆਖਿਆ ਜਾ ਸਕਦਾ ਅਤੇ ਇਹ ਸਾਡੇ ਸਰੀਰ ਲਈ ਬਹੁਤ ‘ਫਾਸਟ’ ਤਰੀਕੇ ਨਾਲ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੰਦਰੁਸਤ ਰਹਿਣ ਲਈ ਅਜਿਹੇ ਭੋਜਨ ਨੂੰ ਬਹੁਤ ਹੀ ਘੱਟ ਪਹਿਲ ਦੇਣੀ ਚਾਹੀਦੀ ਹੈ ਤੇ ਇਸ ਨੂੰ ਸੁਆਦ ਸੁਆਦ ਵਿੱਚ, ਨਾ ਤਾਂ ਜ਼ਿਆਦਾ ਖਾਣਾ ਚਾਹੀਦਾ ਹੈ ਅਤੇ ਨਾ ਹੀ ਰੋਜ਼ਾਨਾ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਦਾ ਭੋਜਨ ਹੀ ਖਾਧਾ ਜਾਵੇ। ਉਹਨਾਂ ਲੰਗਰ ਲਗਾਉਣ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਲੰਗਰਾਂ ਵਿੱਚ ਵੀ ਫਾਸਟ ਫੂਡ ਦਾ ਲੰਗਰ ਲਗਾਉਣ ਤੋਂ ਤੋੰ ਪਰਹੇਜ ਕਰਨ ਅਤੇ ਲੰਗਰ ਬਣਾਉਣ ਸਮੇਂ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ। ਡਾ ਪਵਨ ਨੇ ਅਪੀਲ ਕਰਦਿਆਂ ਆਮ ਲੋਕਾਂ ਨੂੰ ਇਹ ਵੀ ਕਿਹਾ ਕਿ ਜੇਕਰ ਉਹਨਾਂ ਨੂੰ ਅਜਿਹਾ ਪਤਾ ਲਗਦਾ ਹੈ ਕਿ ਫਾਸਟ ਫੂਡ ਜਾਂ ਹੋਰ ਖਾਧ ਪਦਾਰਥ ਵੇਚਣ ਵਾਲਿਆਂ ਵੱਲੋਂ ਜਾਂ ਲੰਗਰ ਬਣਾਉਣ ਸਮੇਂ ਸਾਫ ਸਫਾਈ ਨਹੀ ਰੱਖੀ ਜਾ ਰਹੀ ਤਾਂ ਉਹਨਾਂ ਬਾਰੇ ਦਫਤਰ ਸਿਵਲ ਸਰਜਨ ਵਿਖੇ ਜਿਲਾ ਸਿਹਤ ਅਫਸਰ ਜਾਂ ਫੂਡ ਸੇਫਟੀ ਟੀਮ ਨਾਲ ਸੰਪਰਕ ਕੀਤਾ ਜਾਵੇ। ਜਿਸ ਉੱਤੇ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।