ਪੰਜਾਬ ਸਰਕਾਰ ਮਧੂ ਮੱਖੀ ਪਾਲਣ ਦੇ ਧੰਦੇ ਨੂੰ ਹੁਲਾਰਾ ਦੇਣ ਲਈ ਵਚਨਬੱਧ: ਜਸਵੀਰ ਸਿੰਘ ਰਾਜਾ ਗਿੱਲ

ਹੁਸ਼ਿਆਰਪੁਰ, 5 ਮਾਰਚ ( ਹਰਪਾਲ ਲਾਡਾ ): ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵਲੋਂ ਰਾਸ਼ਟਰੀ ਬੀ ਬੋਰਡ ਦੇ ਸਹਿਯੋਗ ਨਾਲ ਅੱਜ ਇਥੇ ਮਧੂ ਮੱਖੀ ਪਾਲਣ ਧੰਦੇ ਨੂੰ ਹੋਰ ਹੁਲਾਰਾ ਦੇਣ ਅਤੇ ਮਧੂ ਮੱਖੀ ਪਾਲਕਾਂ ਨੂੰ ਨਵੀਆਂ ਤਕਨੀਕਾਂ, ਵਪਾਰਕ ਮੌਕਿਆਂ, ਉੱਤਮ ਸ਼ਹਿਦ ਦੇ ਉਤਪਾਦਨ, ਮਧੂ ਮੱਖੀਆਂ ਦੀ ਸਾਂਭ-ਸੰਭਾਲ ਅਤੇ ਇਸ ਧੰਦੇ ਲਈ ਮਹੱਤਵਪੂਰਨ ਮੌਸਮਾਂ ਦੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ ਜਿਥੇ ਵੱਖ-ਵੱਖ ਮਾਹਿਰਾਂ ਵਲੋਂ ਕੰਢੀ ਦੇ ਮੈਡੀਸਨਲ ਸ਼ਹਿਦ ਦੀ ਗੁਣਵੱਤਾ ’ਤੇ ਰੌਸ਼ਨੀ ਪਾਈ ਗਈ।
ਸਥਾਨਕ ਅੱਡਾ ਭੀਖੋਵਾਲ ਵਿਖੇ ਸ਼ੁਰੂ ਹੋਏ ਦੋ ਰੋਜ਼ਾ ਸੈਮੀਨਾਰ ਦੇ ਪਹਿਲੇ ਦਿਨ ਜ਼ਿਲ੍ਹੇ ਦੇ ਵੱਖ-ਵੱਖ ਮਧੂ ਮੱਖੀ ਪਾਲਕਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਮਧੂਮੱਖੀ ਪਾਲਣ ਦੀ ਮਹੱਤਤਾ, ਵਿਆਪਕ ਲਾਭ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਵਾਧੇ ਬਾਰੇ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ।ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਮਧੂ ਮੱਖੀ ਪਾਲਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੰਢੀ ਖੇਤਰ ਦਾ ਸ਼ਹਿਦ ਨੂੰ ਵੱਡੇ ਪੱਧਰ ’ਤੇ ਪਸੰਦ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਗੁਣਕਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਾਗਬਾਨੀ ਵਿਭਾਗ ਵਲੋਂ ਮੱਖੀ ਪਾਲਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਇਸ ਖੇਤੀ ਸਹਾਇਕ ਧੰਦੇ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ।


ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਰਾਜ ਵਿੱਚ ਮਧੂ ਮੱਖੀ ਪਾਲਣ ਦਾ ਕਿੱਤੇ ਨਾਲ ਜੁੜੇ ਕਿਸਾਨ ਆਪਣੀ ਮਿਹਨਤ ਨਾਲ ਭਰਪੂਰ ਗੁਣਵੱਤਾ ਵਾਲਾ ਸ਼ਹਿਦ ਪੈਦਾ ਕਰਦੇ ਹਨ ਜਿਨ੍ਹਾਂ ਦੀ ਸਹੂਲਤ ਲਈ ਬਾਗਬਾਨੀ ਵਿਭਾਗ ਵੱਲੋਂ ਮਧੂਮੱਖੀ ਪਾਲਣ ਲਈ ਵੱਖ-ਵੱਖ ਸਕੀਮਾਂ ਤਹਿਤ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਨੈਸ਼ਨਲ ਰੂਰਲ ਲਾਈਵਲੀ ਹੁੱਡ ਮਿਸ਼ਨ ਅਤੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ 100 ਫੀਸਦੀ ਵਿੱਤੀ ਸਹਾਇਤਾ ਮੁਹਈਆ ਕਰਵਾਈ ਜਾਵੇਗੀ।

ਪ੍ਰਸਿੱਧ ਮਧੂ ਮੱਖੀ ਪਾਲਕ ਮਨਜੀਤ ਸਿੰਘ ਮਾਹਿਲਪੁਰ ਨੇ ਦੱਸਿਆ ਕਿ ਇਸ ਕਿੱਤੇ ਨੂੰ ਹੋਰ ਹੁਲਾਰਾ ਦੇ ਕੇ ਮੱਖੀ ਪਾਲਕਾਂ ਦੀ ਆਮਦਨ ਵਿਚ ਵਾਧੇ ਦੇ ਨਾਲ-ਨਾਲ ਲੋਕਾਂ ਨੂੰ ਗੁਣਕਾਰੀ ਅਤੇ ਸਿਹਤ ਲਈ ਲਾਹੇਵੰਦ ਸ਼ਹਿਦ ਮੁਹੱਈਆ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੰਮਿਆ ਹੋਇਆ ਸ਼ਹਿਦ (ਵਾੲ੍ਹੀਟ ਹਨੀ) ਸ਼ੁੱਧਤਾ ਦੀ ਨਿਸ਼ਾਨੀ ਹੈ। ਫੈਪਰੋ ਦੇ ਸਲਾਹਕਾਰ ਡਾ. ਅਰਬਿੰਦ ਸਿੰਘ ਧੂਤ ਨੇ ਸ਼ਹਿਦ ਦੇ ਗੁਣਾ ਬਾਰੇ ਗੱਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਸ਼ਹਿਦ ਆਪਣੀ ਰੋਜ਼ਾਨਾ ਦੀ ਖੁਰਾਕ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ ਜੋ ਕਿ ਸਿਹਤ ਲਈ ਲਾਭਦਾਇਕ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਮਨਿੰਦਰ ਸਿੰਘ ਬੌਂਸ, ਖੇਤੀਬਾੜੀ ਅਧਿਕਾਰੀ ਡਾ. ਹਰਮਨ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ ਨੇ ਵੀ ਮੱਖੀ ਪਾਲਣ ਬਾਰੇ ਆਪਣੇ ਵਿਚਾਰ ਰੱਖੇ। ਇਸ ਮੌਕੇ ’ਤੇ ਜਿਲ੍ਹੇ ਦੇ ਲੱਗਭਗ 200 ਮਧੁ ਮੱਖੀ ਪਾਲਕਾਂ ਅਤੇ ਹੋਰ ਕਿਸਾਨਾਂ ਵੱਲੋਂ ਭਾਗ ਲਿਆ ਗਿਆ। ਫਲ ਸਬਜੀਆਂ ਦੀ ਪ੍ਰੋਸੈਸਿੰਗ ਕਰਦੇ ਸੈਫਲ ਹੈਲਪ ਗਰੂਪ ਕੱਪਰੋ ਅਤੇ ਹੀਰ ਪਿਕਲ, ਹਲਦੀ ਅਤੇ ਸਹਿਦ ਦੀ ਪ੍ਰੋਸੈਸਿੰਗ ਯੂਨਿਟ ਫੈਪਰੋ, ਅਤੇ ਵੱਖ ਵੱਖ ਕੰਪਨੀਆ ਅਤੇ ਵਿਭਾਗਾਂ ਵਲੋਂ ਆਪਣੀਆਂ ਪ੍ਰਦਰਸ਼ਨੀਆ ਵੀ ਲਗਾਈਆਂ ਗਈਆਂ।
ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਜਸਪਾਲ ਸਿੰਘ ਢੇਰੀ ਨੇ ਦੱਸਿਆ ਕਿ 6 ਮਾਰਚ ਨੂੰ ਆਏ ਹੋਏ ਸਮੂਹ ਕਿਸਾਨਾਂ ਲਈ ਪਿੰਡ ਕੰਗਮਾਈ, ਬਲਾਕ ਹਰਿਆਣਾ ਵਿਖੇ ਫੈਪਰੋ ਪ੍ਰੋਸੈਸਿੰਗ ਯੂਨਿਟ ਦਾ ਐਕਸਪੋਜ਼ਰ ਵਿਜਿਟ ਕਰਾਇਆ ਜਾਵੇਗਾ ਜਿਥੇ ਸ਼ਹਿਦ ਦੀ ਪ੍ਰੋਸੈਸਿੰਗ, ਪੈਕੇਜਿੰਗ ਅਤੇ ਮੰਡੀਕਰਨ ਬਾਰੇ ਵਿਸ਼ਤ੍ਰਿਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਸੁਖਵਿੰਦਰ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ ਬਲਵਿੰਦਰ ਸਿੰਘ, ਬਾਗਬਾਨੀ ਵਿਕਾਸ ਅਫਸਰ ਪ੍ਰੇਮ ਸਿੰਘ, ਵਿਕਰਮ ਵਰਮਾ , ਹਰਜੀਤ ਸਿੰਘ, ਪਰਮਿੰਦਰ ਸਿੰਘ, ਸ਼ੈਲੀ ਸੰਧੂ ਅਤੇ ਲਖਬੀਰ ਸਿੰਘ, ਪਸ਼ੂ ਪਾਲਕ ਅਫ਼ਸਰ ਡਾ. ਮਨਮੋਹਨ ਸਿੰਘ, ਤਕਨੀਕੀ ਸਹਾਇਕ ਦੀਪਕ ਸ਼ਰਮਾ ਤੇ ਜਸਦੀਪ ਸਿੰਘ ਆਦਿ ਵੀ ਮੌਜੂਦ ਸਨ।