ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿੱਤੀ ਟ੍ਰੇਨਿੰਗ

ਨਵਾਂਸ਼ਹਿਰ, 20 ਫਰਵਰੀ ( ਹਰਪਾਲ ਲਾਡਾ ): ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਡਾ: ਮਹਿਤਾਬ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸੂਚਨਾ ਵਿਗਿਆਨ ਅਫ਼ਸਰ ਵਿਸ਼ਾਲ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਰੋਲਆਊਟ ਮੈਨੇਜਰਾਂ (ਡੀ.ਆਰ.ਐਮਜ਼) ਅਤੇ ਉਨ੍ਹਾਂ ਦੀ ਟੀਮ ਵੱਲੋਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ, ਜਿਨ੍ਹਾਂ ਵਿਚ ਐਸ.ਐਚ.ਓਜ਼, ਤਫਤੀਸ਼ੀ ਅਫ਼ਸਰ ਅਤੇ ਸੀ.ਸੀ.ਟੀ.ਐਨ.ਐਸ ਅਪਰੇਟਰ ਸ਼ਾਮਿਲ ਸਨ। ਨੋਡਲ ਅਫਸਰ ਉਪ ਪੁਲਿਸ ਕਪਤਾਨ ਸੁਰਿੰਦਰ ਚਾਂਦ ਦੀ ਨਿਗਰਾਨੀ ਅਧੀਨ ਉਨ੍ਹਾਂ ਨੂੰ ਈ-ਡਾਰ/ਆਈ-ਰਾਡ ਸਬੰਧੀ ਟ੍ਰੇਨਿੰਗ ਦਿੱਤੀ ਗਈ।
ਜ਼ਿਲ੍ਹਾ ਸੂਚਨਾ ਵਿਗਿਆਨ ਅਫ਼ਸਰ ਵਿਸ਼ਾਲ ਸ਼ਰਮਾ ਨੇ ਇਸ ਮੌਕੇ ਦੱਸਿਆ ਕਿ ਏਕੀਕ੍ਰਿਤ ਸੜਕ ਦੁਰਘਟਨਾ ਡੇਟਾਬੇਸ (ਆਈ-ਰਾਡ) ਪ੍ਰੋਜੈਕਟ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (ਐਮ ਓ ਆਰ ਟੀ ਐਚ) ਦੀ ਇਕ ਪਹਿਲਕਦਮੀ ਹੈ ਅਤੇ ਦੇਸ਼ ਵਿਚ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਵਿਸ਼ਵ ਬੈਂਕ ਦੁਆਰਾ ਫੰਡ ਕੀਤਾ ਜਾਂਦਾ ਹੈ।


ਉਨ੍ਹਾਂ ਦੱਸਿਆ ਕਿ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਭਵਿੱਖ ਦੀ ਯੋਜਨਾਬੰਦੀ ਲਈ ਮੁੱਖ ਹਿੱਸੇਦਾਰ ਅਤੇ ਫੈਸਲਾ ਲੈਣ ਵਾਲਾ ਹੈ| ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਸੜਕ ਸੁਰੱਖਿਆ ਨੂੰ ਵਧਾਉਣ ਲਈ ਨੀਤੀ ਲਾਗੂ ਕਰਨ ਵਿਚ ਹਿੱਸੇਦਾਰ ਵਿਭਾਗਾਂ ਵਿਚ ਪੁਲਿਸ ਵਿਭਾਗ, ਟਰਾਂਸਪੋਰਟ ਵਿਭਾਗ ਹਾਈਵੇਜ਼ ਵਿਭਾਗ ਅਤੇ ਸਿਹਤ ਵਿਭਾਗ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਆਈ-ਰਾਡ ਐਪਲੀਕੇਸ਼ਨ ਨੂੰ ਪੁਲਿਸ, ਟਰਾਂਸਪੋਰਟ, ਰਾਜਮਾਰਗ ਅਤੇ ਸਿਹਤ ਵਿਭਾਗਾਂ ਵਿਚਕਾਰ ਭਵਿੱਖ ਲਈ ਨੀਤੀ ਲਾਗੂ ਕਰਨ ਵਿਚ ਏਕੀਕ੍ਰਿਤ ਕੀਤਾ ਗਿਆ ਹੈ, ਤਾਂ ਜੋ ਦੇਸ਼ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵੱਖ-ਵੱਖ ਹਿੱਸੇਦਾਰਾਂ ਦੇ ਉਪਭੋਗਤਾਵਾਂ ਵਿਚ ਸਮੇਂ ਸਿਰ ਜਾਣਕਾਰੀ ਦੇ ਆਦਾਨ-ਪ੍ਰਦਾਨ ਦੀ ਸਹੂਲਤ ਦਿੱਤੀ ਜਾ ਸਕੇ।