ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਯੁਵਕ ਕਲੱਬਾਂ ਦਾ ਅਹਿਮ ਯੋਗਦਾਨ: ਲਲਿਤ ਮੋਹਨ ਪਾਠਕ

ਨਵਾਂਸ਼ਹਿਰ,19 ਫਰਵਰੀ ( ਹਰਪਾਲ ਲਾਡਾ ): ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਦੇ ਉੱਪ ਚੇਅਰਮੈਨ ਲਲਿਤ ਮੋਹਨ ਪਾਠਕ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਦੇ 11 ਰਜਿਸਟਰਡ ਕਲੱਬਾਂ ਨੂੰ ਯੁਵਕਾਂ ਦੀ ਭਲਾਈ ਲਈ 50 -50 ਹਜ਼ਾਰ ਰੁਪਏ ਦੇ ਚੈੱਕ ਵੰਡੇ ਗਏ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮਨਤੇਜ ਸਿੰਘ ਚੀਮਾ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਇਹ ਕਲੱਬ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹੋਏ ਖੇਡਾਂ ਨਾਲ ਜੋੜਨ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਮਾਪਿਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬੱਚਿਆਂ ਨੂੰ ਮੋਬਾਈਲ ‘ਤੇ ਗੇਮਾਂ ਖੇਡਣੋਂ ਹਟਾ ਕੇ ਰਜਿਸਟਰਡ ਕਲੱਬਾਂ ਨਾਲ ਆਊਟਡੋਰ ਗੇਮਾਂ ਖੇਡਣ ਲਈ ਬਿਨਾਂ ਕਿਸੇ ਫੀਸ ਤੋਂ ਜੋੜਨ।


ਉਨ੍ਹਾਂ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਦੇ ਸਹਿਯੋਗ ਨਾਲ ਪਿਛਲੇ 2 ਸਾਲਾਂ ਦੌਰਾਨ ਆਪਣੇ ਪਿੰਡਾਂ/ਵਾਰਡਾਂ ਵਿਚ ਕੀਤੇ ਸਮਾਜ ਸੇਵੀ ਕੰਮਾਂ, ਨਸ਼ਿਆਂ ਅਤੇ ਸਮਾਜਿਕ ਅਲਾਮਤਾਂ ਤੋਂ ਨੌਜਵਾਨਾ ਨੂੰ ਦੂਰ ਰੱਖਣ ਦੇ ਕਾਰਜਾਂ, ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਗਤੀਵਿਧੀਆਂ ਅਤੇ ਹੋਰ ਸਾਹਸੀ ਗਤੀਵਿਧੀਆਂ ਦੇ ਅਧਾਰ ‘ਤੇ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਉਪਰੰਤ ਅੱਜ ਇਨ੍ਹਾਂ ਕਲੱਬਾਂ ਨੂੰ ਸਹਾਇਤਾ ਗ੍ਰਾਂਟ ਚੈੱਕ ਵੰਡੇ ਗਏ ਹਨ।

ਇਹਨਾਂ ਕਲੱਬਾਂ ਦੇ ਪ੍ਰਧਾਨਾਂ ਵੱਲੋਂ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਤੇ ਦਿਸ਼ਾ ਨਿਰਦੇਸ਼ਾਂ ਭਵੀ ਤਹਿਤ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਖੇਡਾਂ ਨਾਲ ਜੋੜਨ ਲਈ ਹਰ ਸੰਭਵ ਯਤਨ ਕਰਨਗੇ ਅਤੇ ਉਨ੍ਹਾਂ ਦੀ ਭਲਾਈ ਵਿਚ ਕੋਈ ਵੀ ਕਸਰ ਨਹੀਂ ਛੱਡਾਣਗੇ।
ਮਨਤੇਜ ਸਿੰਘ ਚੀਮਾ ਨੇ ਇਸ ਮੌਕੇ ਕਲੱਬਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਤੰਦਰੁਸਤ ਤੇ ਰੰਗਲਾ ਪੰਜਾਬ ਬਣਾਉਣ ਲਈ ਕੋਈ ਵੀ ਕਸਰ ਨਾ ਛੱਡੀ ਜਾਵੇ। ਇਸ ਮੌਕੇ ਗੁਰਪ੍ਰੀਤ ਸਿੰਘ ਫੁੱਟਬਾਲ ਕੋਚ, ਭੁਪਿੰਦਰ ਸਿੰਘ ਸਰਪੰਚ, ਕਲੱਬਾ ਦੇ ਪ੍ਰਧਾਨ ਅਤੇ ਮੈਂਬਰ ਹਾਜ਼ਰ ਸਨ।