ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ : ਡਾ. ਬਲਬੀਰ ਸਿੰਘ

ਨਵਾਂਸ਼ਹਿਰ, 13 ਫਰਵਰੀ (ਬਲਜਿੰਦਰ ਸਿੰਘ ): ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਉਸਾਰੀ ਅਧੀਨ ਕ੍ਰਿਟੀਕਲ ਕੇਅਰ ਯੂਨਿਟ ਅਤੇ ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬ (ਆਈ.ਪੀ.ਐੱਚ.ਐੱਲ) ਦੇ ਨਿਰਮਾਣ ਕਾਰਜਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਵਿਚ ਪ੍ਰਸਤਾਵਿਤ ਮੈਡੀਕਲ ਕਾਲਜ ਲਈ ਦਿੱਤੀ ਗਈ ਜ਼ਮੀਨ ਨੂੰ ਵੀ ਦੇਖਿਆ।
ਇਸ ਮੌਕੇ ਉਨ੍ਹਾਂ ਨਾਲ ਕਾਰਜਕਾਰੀ ਸਿਵਲ ਸਰਜਨ ਡਾ. ਮਨਦੀਪ ਕਮਲ ਅਤੇ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਸਮੇਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਪ੍ਰਤੀਨਿਧੀ ਮੌਜੂਦ ਸਨ।


ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਉਸਾਰੀ ਅਧੀਨ ਕ੍ਰਿਟੀਕਲ ਕੇਅਰ ਯੂਨਿਟ ਅਤੇ ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬ (ਆਈ.ਪੀ.ਐੱਚ.ਐੱਲ) ਦਾ ਨਿਰੀਖਣ ਕਰਨ ਮੌਕੇ ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਸਾਰੀ ਅਧੀਨ ਇਹ ਪ੍ਰੋਜੈਕਟ ਜਲਦੀ ਮੁਕੰਮਲ ਕੀਤੇ ਜਾਣ ਤਾਂ ਜੋ ਆਮ ਲੋਕਾਂ ਨੂੰ ਹੋਰ ਮਿਆਰੀ ਸਿਹਤ ਸੇਵਾਵਾਂ ਮਿਲਣੀਆਂ ਸ਼ੁਰੂ ਹੋਣ।

ਉਨ੍ਹਾਂ ਦੱਸਿਆ ਕਿ ਕ੍ਰਿਟੀਕਲ ਕੇਅਰ ਯੂਨਿਟ ਸੂਬੇ ਭਰ ਵਿੱਚ ਬਣਾਏ ਜਾ ਰਹੇ ਹਨ ਜੋ ਕਿ ਆਮ ਲੋਕਾਂ ਲਈ ਵਰਦਾਨ ਸਾਬਿਤ ਹੋਣਗੇ, ਕਿਉਂਕਿ ਇਨ੍ਹਾਂ ਰਾਹੀਂ ਮੌਕੇ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਇਨ੍ਹਾਂ ਯੂਨਿਟਾਂ ਵਿੱਚ ਗੰਭੀਰ ਮਰੀਜ਼ਾਂ ਲਈ ਅਤਿ-ਆਧੁਨਿਕ ਸਿਹਤ ਸਹੂਲਤਾਂ ਮਿਲਣਗੀਆਂ। ਇਹ ਕ੍ਰਿਟੀਕਲ ਕੇਅਰ ਯੂਨਿਟ ਐਡਵਾਂਸ ਮੈਡੀਕਲ ਸੇਵਾਵਾਂ ਦੀ ਲੋੜ ਵਾਲੇ ਗੰਭੀਰ ਮਰੀਜ਼ਾਂ ਦੀ ਜ਼ਰੂਰਤ ਨੂੰ ਪੂਰਾ ਕਰਨਗੇ।
ਉਨ੍ਹਾਂ ਅੱਗੇ ਦੱਸਿਆ ਕਿ ਨਵੇਂ ਕ੍ਰਿਟੀਕਲ ਕੇਅਰ ਯੂਨਿਟਾਂ ਦੇ ਤਿਆਰ ਹੋਣ ਤੋਂ ਬਾਅਦ ਸੜਕ ਹਾਦਸਿਆਂ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੀ ਸਥਿਤੀ ਵਿਚ ਗੰਭੀਰ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਆਮ ਲੋਕਾਂ ਨੂੰ ਬਿਹਤਰ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।