ਸਿਹਤ ਵਿਭਾਗ ਵੱਲੋਂ ਐਸ ਡੀ ਕਾਲਜ ਦੇ ਕੈਂਪਸ ਵਿੱਚ ਕੁਸ਼ਟ ਰੋਗ ਸੰਬੰਧੀ ਜਾਗਰੂਕਤਾ ਲਈ ਖਿਡਾਇਆ ਗਿਆ ਨੁੱਕੜ ਨਾਟਕ

ਹੁਸ਼ਿਆਰਪੁਰ 13 ਫਰਵਰੀ ( ਬਲਜਿੰਦਰ ਸਿੰਘ ): ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਲੈਪਰੋਸੀ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ ਰੋਬਿਨ ਸਾਹਨੀ ਦੀ ਯੋਗ ਅਗਵਾਈ ਅਧੀਨ ਮੀਡੀਆ ਵਿੰਗ ਹੁਸ਼ਿਆਰਪੁਰ ਵੱਲੋਂ ਆਯੋਜਿਤ ਐਸ ਡੀ ਕਾਲਜ ਹੁਸ਼ਿਆਰਪੁਰ ਵਿਖੇ ਕਾਲਜ ਮੈਨੇਜਮੈਂਟ ਦੇ ਪ੍ਰੈਸੀਡੈਂਟ ਸ੍ਰੀਮਤੀ ਹੇਮਾ ਸ਼ਰਮਾ, ਸੈਕਟਰੀ ਸ੍ਰੀ ਸ੍ਰੀ ਗੋਪਾਲ, ਜੁਆਇੰਟ ਸੈਕਟਰੀ ਸ੍ਰੀ ਤਿਲਕ ਰਾਜ ਅਤੇ ਪ੍ਰਿੰਸੀਪਲ ਡਾ ਸਵਿਤਾ ਗੁਪਤਾ ਅਤੇ ਐਨ ਐਸ ਐਸ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਮਨਪ੍ਰੀਤ ਕੌਰ ਦੇ ਸਹਿਯੋਗ ਨਾਲ ਅੱਜ ਕੁਸ਼ਟ ਰੋਗ ਪ੍ਰਤੀ ਜਾਗਰੂਕ ਕਰਨ ਲਈ ਸ੍ਰੀ ਅਸ਼ੋਕ ਪੁਰੀ ਦੇ ‘ਬਹੁ ਰੰਗ ਕਲਾ ਮੰਚ’ ਦੇ ਕਲਾਕਾਰਾਂ ਵਲੋਂ ਨੁੱਕੜ ਨਾਟਕ ਖੇਡਿਆ ਗਿਆ।
ਇਸ ਮੌਕੇ ਕੁਸ਼ਟ ਰੋਗ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ ਰੋਬਿਨ ਨੇ ਦੱਸਿਆ ਕਿ ਕੁਸ਼ਟ ਪੂਰਬਲੇ ਜਨਮਾਂ ਦੇ ਪਾਪਾਂ ਦਾ ਫਲ ਨਹੀਂ ਸਗੋਂ ਇਕ ਰੋਗ ਹੈ ਜਿਸ ਦਾ ਇਲਾਜ ਪੂਰੀ ਤਰ੍ਹਾਂ ਨਾਲ ਸੰਭਵ ਹੈ। ਕੁਸ਼ਟ ਰੋਗ ਦੀ ਬਿਮਾਰੀ ਮਾਈਕਰੋ ਬੈਕਟੀਰਅਮ ਲੈਪਰੇ ਦੁਆਰਾ ਫੈਲਦੀ ਹੈ। ਇਹ ਇਕ ਛੂਤ ਦੀ ਬੀਮਾਰੀ ਹੈ ਜੋ ਕਿ ਡਰੋਪਲੈਟ ਇਨਫੈਕਸ਼ਨ ਦੁਆਰਾ ਖੰਗਣ ਜਾਂ ਛਿੱਕਣ ਨਾਲ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਲਗਦੀ ਹੈ ਅਤੇ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ। ਸਾਨੂੰ ਕਿਸੇ ਵੀ ਕੁਸ਼ਟ ਰੋਗ ਤੋਂ ਪੀੜਤ ਵਿਅਕਤੀ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ, ਬਲਕਿ ਉਸਦੀ ਹਰ ਤਰ੍ਹਾਂ ਨਾਲ ਮਦਦ ਕਰਨੀ ਚਾਹੀਦੀ ਹੈ।


ਉਹਨਾਂ ਕੁਸ਼ਟ ਰੋਗ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਮੜੀ ਦੇ ਉੱਪਰ ਹਲਕੇ ਪੀਲੇ ਤਾਂਬੇ ਰੰਗ ਦੇ ਜਾਂ ਲਾਲ ਰੰਗ ਦੇ ਸੁੰਨ ਨਿਸ਼ਾਨ ਕੁਸ਼ਟ ਰੋਗ ਦੀ ਨਿਸ਼ਾਨੀ ਹੁੰਦੀ ਹੈ। ਸੁੰਨਾਪਨ ਚਮੜੀ ਦੇ ਹੇਠਾਂ ਦੀਆਂ ਨਸਾਂ ਦੀ ਖਰਾਬੀ ਕਾਰਨ ਹੁੰਦਾ ਹੈ। ਇਸ ਬੀਮਾਰੀ ਕਾਰਨ ਨਸਾਂ ਮੋਟੀਆਂ ਅਤੇ ਸਖਤ ਹੋ ਜਾਂਦੀਆਂ ਹਨ। ਕੁਸ਼ਟ ਰੋਗ ਤੋਂ ਪ੍ਰਭਾਵਿਤ ਹਿੱਸੇ ‘ਤੇ ਮਰੀਜ਼ ਨੂੰ ਠੰਡੇ ਤੱਤੇ ਅਤੇ ਕਿਸੇ ਵੀ ਤਰ੍ਹਾਂ ਦੀ ਸੱਟ ਦਾ ਪਤਾ ਨਹੀਂ ਲੱਗਦਾ। ਮਾਸਪੇਸ਼ੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ ਜਿਸ ਕਾਰਣ ਸਰੀਰ ਦੇ ਅੰਗ ਮੁੜ ਜਾਂਦੇ ਹਨ ਤੇ ਸੁੰਨੇਪਣ ਕਾਰਣ ਕਈ ਵਾਰ ਇਹ ਅੰਗ ਸੱਟ ਲੱਗਣ ਤੇ ਸਰੀਰ ਤੋਂ ਝੜ ਜਾਂਦੇ ਹਨ। ਪਰ ਇਸ ਬੀਮਾਰੀ ਦਾ ਇਲਾਜ਼ ਸੰਭਵ ਹੈ ਤੇ ਸਰਕਾਰੀ ਹਸਪਤਾਲ ਵਿਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਬਹੁ ਔਸ਼ਧੀ ਇਲਾਜ ਭਾਵ ਐਮ.ਡੀ.ਟੀ. ਕੁਸ਼ਟ ਰੋਗ ਦਾ 100 ਫੀਸਦੀ ਇਲਾਜ਼ ਹੈ।

ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਦਾਗਾਂ ਦੀ ਗਿਣਤੀ ਦੇ ਆਧਾਰ ਤੇ ਕੁਸ਼ਟ ਰੋਗ ਨੂੰ ਘੱਟ ਜਿਰਮੀ ਜਾਂ ਬਹੁ ਜਿਰਮੀ ਕੁਸ਼ਟ ਰੋਗ ਵਿੱਚ ਵੰਡਿਆ ਜਾਂਦਾ ਹੈ। ਉਹਨਾਂ ਕਿਹਾ ਕਿ ਕੁਸ਼ਟ ਰੋਗ ਦੀ ਵੱਡੀ ਲਾਹਣਤ ਸਰੀਰ ਦੀ ਕਰੂਪਤਾ ਜਾਂ ਅੰਗਹੀਣਤਾ ਹੈ। ਅੰਗਹੀਣਤਾ ਤੋਂ ਬੱਚਣ ਲਈ ਸ਼ਰੀਰ ਤੇ ਤੇਲ ਤੇ ਪਾਣੀ ਦੀ ਮਾਲਿਸ਼ ਚਮੜੀ ਨੂੰ ਖੁਸ਼ਕ ਹੋਣ ਤੋਂ ਬਚਾਉਦੀ ਹੈ। ਹੱਥਾਂ ਤੇ ਪੈਰਾਂ ਨੂੰ ਅੱਧੇ ਘੰਟੇ ਲਈ ਪਾਣੀ ਵਿੱਚ ਡੋਬ ਕੇ ਰੱਖਣਾ ਚਾਹੀਦਾ ਹੈ। ਕਮਜੋਰ ਪਏ ਹਿੱਸੇ ਦੀਆਂ ਰੋਜ਼ਾਨਾ ਦੱਸੀਆਂ ਗਈਆਂ ਸੁਪੋਰਟਿਵ ਐਕਸਰਸਾਈਜ਼ ਕਰਨੀਆਂ ਚਾਹੀਦੀਆਂ ਹਨ। ਜੇਕਰ ਕਿਸੇ ਵੀ ਮਰੀਜ਼ ਦੀ ਚਮੜੀ ਉੱਪਰ ਇਸ ਤਰ੍ਹਾਂ ਦਾ ਨਿਸ਼ਾਨ ਦਿਖਾਈ ਦੇਵੇ ਜੋ ਸੁੰਨ ਹੋਵੇ ਅਤੇ ਠੀਕ ਨਾ ਹੋ ਰਿਹਾ ਹੋਵੇ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਇਸਦੀ ਜਾਂਚ ਕਰਵਾਉਣੀ ਚਾਹੀਦੀ ਹੈ। ਪ੍ਰਿੰਸੀਪਲ ਡਾ ਸਵਿਤਾ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੁੱਕੜ ਨਾਟਕ ਰਾਹੀਂ ਬਹੁਤ ਸੁਚੱਜੇ ਢੰਗ ਨਾਲ ਜਿਹੜਾ ਸੁਨੇਹਾ ਤੁਹਾਡੇ ਤੱਕ ਪਹੁਚਿਆਂ ਹੈ ਇਸ ਨੂੰ ਵਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਤਾਂ ਜੋ ਲੋਕ ਇਸ ਰੋਗ ਅਤੇ ਇਸ ਦੇ ਇਲਾਜ਼ ਪ੍ਰਤੀ ਜਾਗਰੂਕ ਹੋ ਸਕਣ। ਉਹਨਾਂ ਵਿਦਿਆਰਥੀਆਂ ਲਈ ਅਜਿਹੇ ਜਾਣਕਾਰੀ ਪ੍ਰੋਗਰਾਮ ਆਯੋਜਿਤ ਕਰਨ ਲਈ ਸਿਹਤ ਵਿਭਾਗ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਸਹਿਯੋਗ ਦਾ ਭਰੋਸਾ ਦਿਵਾਇਆ।