ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਇਕ ਰੋਜ਼ਾ ‘ਕੈਪਿਸਟੀ ਬਿਲਡਿੰਗ’ ਵਰਕਸ਼ਾਪ ਲਗਾਈ

ਨਵਾਂਸ਼ਹਿਰ, 6 ਫਰਵਰੀ ( ਹਰਪਾਲ ਲਾਡਾ ): ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਨਵੀਂ ਦਿੱਲੀ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੌਜੀ ਚੰਡੀਗੜ੍ਹ ਦੇ ਸਹਿਯੋਗ ਨਾਲ਼ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਗ੍ਰੀਨ ਸਕੂਲ ਪ੍ਰੋਗਰਾਮ, ਜਿਸ ਨੂੰ ਪਹਿਲਾਂ ਨੈਸ਼ਨਲ ਗ੍ਰੀਨ ਕਾਰਪਸ ਕਿਹਾ ਜਾਂਦਾ ਸੀ, ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੌਰਾ ਵਿਖੇ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਈਕੋ ਕਲੱਬਾਂ ਦੇ ਇੰਚਾਰਜ਼ਾਂ ਦੀ ਇਕ ਰੋਜ਼ਾ ਕੈਪਿਸਟੀ ਬਿਲਡਿੰਗ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿਚ ਉੱਪ-ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅਮਰਜੀਤ ਖਟਕੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਦੀ ਇਹ ਪਹਿਲਕਦਮੀ ਸਕੂਲਾਂ ਨੂੰ ਟਿਕਾਊ ਅਤੇ ਸ੍ਰੋਤ ਕੁਸ਼ਲ ਗ੍ਰੀਨ ਸਕੂਲ ਬਣਨ ਵਿਚ ਮਦਦ ਕਰੇਗੀ।
ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਢੁੱਕਵੀਂ ਅਤੇ ਪ੍ਰਭਾਵਸ਼ਾਲੀ ਵਾਤਾਵਰਨ ਸਿੱਖਿਆ ਨੂੰ ਪੇਸ਼ ਕਰਨ ਦੀ ਤੁਰੰਤ ਲੋੜ ਹੈ। ਉਨ੍ਹਾਂ ਦੱਸਿਆ ਕਿ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਵੱਲੋਂ ਸਕੂਲਾਂ ਦੇ ਸਰੋਤਾਂ ਦੀ ਖਪਤ ਦੇ ਪੈਟਰਨਾਂ ਦਾ ਮੁਲਾਂਕਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਨਵੀਂ ਦਿੱਲੀ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੌਲੌਜ਼ੀ, ਚੰਡੀਗੜ੍ਹ ਵੱਲੋਂ ਸਕੂਲਾਂ ਦਾ ਆਡਿਟ ਕਰਨ ਦੇ ਨਤੀਜ਼ੇ ਵਜੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 7 ਸਕੂਲ ਸਹਾ ਕੌਲਗੜ੍ਹ, ਸਸਸਸ ਸਾਹਲੋਂ, ਸਹਸ ਗੁਣਾਚੌਰ, ਸਸਸਸ ਔੜ, ਸਹਸ ਜਗਤਪੁਰ, ਸਸਸਸ ਹਿਆਲ਼ਾ ਅਤੇ ਸਹਸ ਗੜ੍ਹ ਪਧਾਣਾ ਰਾਸ਼ਟਰੀ ਪੱਧਰ ਤੇ ਬਤੌਰ ਗ੍ਰੀਨ ਸਕੂਲ ਚੁਣੇ ਗਏ ਅਤੇ ਇਨ੍ਹਾਂ ਸਕੂਲਾਂ ਨੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰਾਸ਼ਟਰੀ ਪੱਧਰ ‘ਤੇ ਰੋਸ਼ਨ ਕੀਤਾ ਹੈ। ਇਸ ਕੰਮ ਵਾਸਤੇ ਉਨ੍ਹਾਂ ਜ਼ਿਲ੍ਹਾ ਕੋਆਰਡੀਨੇਟਰ ਸਤਨਾਮ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ।


ਇਸ ਮੌਕੇ ਸਤਨਾਮ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿਚੋਂ ਚੁਣੇ ਸਰਬੋਤਮ ਤਿੰਨ ਸਕੂਲਾਂ ਨੂੰ ਵਿਸ਼ਵ ਵਾਤਾਵਰਨ ਦਿਵਸ-2025 ਦੇ ਮੌਕੇ ‘ਤੇ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਪ੍ਰਾਪਤ ਕਰਕੇ ਆਏ ਮੈਡਮ ਕਿਰਨਜੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਅਤੇ ਨਵਜੋਤ ਕੌਰ ਸਾਇੰਸ ਮਿਸਟ੍ਰੈੱਸ ਸਰਕਾਰੀ ਮਿਡਲ ਸਕੂਲ ਬੱਲੋਵਾਲ਼ ਨੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਤੇ ਗ੍ਰੀਨ ਸਕੂਲ ਪ੍ਰੋਗਰਾਮ ਦੀ ਰਜਿਸਟ੍ਰੇਸ਼ਨ, ਆਡਿਟ ਦੀ ਪ੍ਰਕਿਿਰਆ, ਸਕੂਲਾਂ ਨੂੰ ਗ੍ਰੀਨ ਜ਼ੋਨ ਵਿਚ ਕਿਵੇਂ ਲਿਆਉਣਾ ਹੈ, ਆਦਿ ਦੀ ਟ੍ਰੇਨਿੰਗ ਦਿੱਤੀ। ਉਨ੍ਹਾਂ ਗ੍ਰੀਨ ਸਕੂਲ ਪ੍ਰੋਗਰਾਮ ਦੇ ਮੁੱਖ ਵਿਸ਼ੇ ਹਵਾ, ਪਾਣੀ, ਧਰਤੀ, ਭੋਜਨ, ਊਰਜਾ ਅਤੇ ਫਾਲਤੂ ਪਦਾਰਥਾਂ ਦੀ ਸਾਂਭ- ਸੰਭਾਲ਼ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ।

ਇਸ ਮੌਕੇ ਗ੍ਰੀਨ ਸਕੂਲ ਚੁਣੇ ਗਏ ਸਕੂਲਾਂ ਦੇ ਇੰਚਾਰਜ਼ ਰਵਿੰਦਰ ਕੁਮਾਰ, ਕੁਸੁਮ ਰਾਣੀ, ਸਰਬਜੀਤ ਸਿੰਘ ਅਤੇ ਬਲਜਿੰਦਰ ਸਿੰਘ ਵੱਲੋਂ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ। ਇਸ ਮੌਕੇ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਜ਼ਿਲ੍ਹਾ ਪੱਧਰੀ ‘ਵੇਸਟ ਟੂ ਬੈਸਟ’ ਵਿਸ਼ੇ ਤਹਿਤ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਮਨਵੀਰ ਸਿੰਘ ਸਹਸ ਗੜ੍ਹ ਪਧਾਣਾ ਨੇ ਪਹਿਲਾ, ਧਨਵੀਰ ਸਿੰਘ ਸਰੋਆ ਨੇ ਦੂਸਰਾ ਅਤੇ ਤੈਨਵੀ ਸਕੰਸਸਸ ਨੌਰਾ ਨੇ ਤੀਸਰਾ ਸਥਾਨ ਹਾਸਲ ਕੀਤਾ।