ਯੁਵਕ ਸੇਵਾਵਾਂ ਵਿਭਾਗ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਨਸ਼ਿਆਂ ਵਿਰੁੱਧ ਫੈਲਾਈ ਗਈ ਜਾਗਰੂਕਤਾ

ਹੁਸ਼ਿਆਰਪੁਰ : ਯੁਵਕ ਸੇਵਾਵਾਂ ਵਿਭਾਗ ਹੁਸ਼ਿਆਰਪੁਰ ਦੇ ਅਸੀਸਟੈਂਟ ਡਾਇਰੈਕਟਰ ਰਵੀ ਪਾਲ ਦਾਰਾ ਦੀ ਅਗਵਾਈ ਵਿੱਚ ਯੁਵਕ ਸੇਵਾਵਾਂ ਕਲੱਬ ਵਿਜੇ ਨਗਰ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਈ ਗਈ। ਜਿਸ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਐਨ.ਐਸ.ਐਸ. ਅਤੇ ਰੈੱਡ ਰਿਬਨ ਕਲੱਬ ਇੰਚਾਰਜ ਪ੍ਰੋ. ਵਿਜੇ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦੋ ਹੋਏ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਨੁੱਕੜ ਨਾਟਕ ਦੇ ਮਾਧਿਅਮ ਨਾਲ ਵੀ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਇਹਨਾਂ ਦਾ ਜੀਵਨ ਵਿੱਚ ਕਦੇ ਵੀ ਇਸਤੇਮਾਲ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਸਹਾਇਕ ਡਾਇਰਕੈਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਦੇ ਰਵੀ ਪਾਲ ਦਾਰਾ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ੇ ਸਾਡੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ ਜਿਹੜੀ ਕਿ ਅਨਮੋਲ ਹੈ ਅਤੇ ਕਈ ਜਨਮਾਂ ਤੋਂ ਬਾਦ ਮਿਲਦੀ ਹੈ। ਇਸ ਦੀ ਗਵਾਹੀ ਸਾਡੇ ਧਾਰਮਿਕ ਗ੍ਰੰਥ ਵੀ ਦਿੰਦੇ ਹਨ। ਇਸ ਲਈ ਇਸਨੂੰ ਨਸ਼ਿਆਂ ਦੇ ਚੱਕਰ ਵਿੱਚ ਪੈ ਕੇ ਬਰਬਾਦ ਨਹੀਂ ਕਰਨੀ ਚਾਹੀਦੀ। ਸਰਕਾਰੀ ਕਾਲਜ, ਹੁਸ਼ਿਆਰਪੁਰ ਦੇ ਪ੍ਰੋ. ਵਿਜੇ ਕੁਮਾਰ ਨੇ ਅੱਜ-ਕਲ ਦੇ ਜੀਵਨ ਵਿੱਚ ਨਿਕਲਣ ਵਾਲੇ ਪਰਿਣਾਮਾਂ ਦੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਨਸ਼ਾ ਕਰਨ ਵਾਲਾ ਹੀ ਸਮਾਜ ਦੀ ਨਫਰਤ ਦਾ ਪਾਤਰ ਨਹੀਂ ਬਣਦਾ ਸਗੋਂ ਉਸਦੇ ਪਰਿਵਾਰ ਦੇ ਮੈਂਬਰ ਵੀ ਨਸ਼ਿਆਂ ਦੀ ਅੱਗ ਵਿੱਚ ਜਲਦੇ ਹੋਏ ਮਰਨ ਤੋਂ ਪਹਿਲਾਂ ਹੀ ਮਰ ਜਾਂਦੇ ਹਨ।


ਨਸ਼ੇ ਸਾਡੇ ਤਨ-ਮਨ-ਧਨ ਨੂੰ ਬਰਬਾਦ ਕਰ ਦਿੰਦੇ ਹਨ। ਉਹਨਾਂ ਕਿਹਾ ਕਿ ਅੱਜ-ਕੱਲ ਅਜਿਹੇ ਨਸ਼ੇ ਚੱਲ ਪਏ ਹਨ ਜਿਹੜੇ ਕਿ ਇਲਾਇਚੀ ਆਦਿ ਦੀ ਸੁੰਗਧਿਤ ਪਦਾਰਥਾਂ ਨਾਲ ਸੰਬੰਧਿਤ ਹੁੰਦੇ ਹਨ ਜਿਸ ਨਾਲ ਕਿ ਨਸ਼ੇ ਕਰਨ ਵਾਲੇ ਵਿਅਕਤੀ ਦੇ ਮੂੰਹ ਵਿੱਚੋਂ ਕਿਸੇ ਵੀ ਪ੍ਰਕਾਰ ਦੀ ਬਦਬੂ ਨਹੀਂ ਆਉਂਦੀ। ਅਜਿਹਾ ਨਸ਼ਾ ਕਰਨ ਵਾਲੇ ਨੂੰ ਖੁਦ ਇਮਾਨਦਾਰ ਬਣਨਾ ਹੋਵੇਗਾ ਕਿਉਂਕਿ ਅਜਿਹੇ ਵਿਅਕਤੀ ਸਮਾਜ ਨਾਲ ਨਹੀਂ ਬਲਕਿ ਆਪਣੇ ਆਪ ਨਾਲ ਧੋਖਾ ਕਰਦੇ ਹਨ।

ਇਸ ਮੌਕੇ ਯੂਥ ਕਲੱਬ ਦੇ ਪ੍ਰਧਾਨ ਅਜਮੇਰ ਸਿੰਘ , ਦਲਵਿੰਦਰ ਦਿਆਲ ਪੁਰੀ, ਡਾਕਟਰ ਨਿਰਜਾ ਸ਼ਰਮਾ ਨੇ ਵੀ ਨਸ਼ਿਆਂ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਤਾਂ ਕਿ ਸਮਾਜ ਵਿੱਚੋਂ ਨਸ਼ਿਆਂ ਦਾ ਅੰਤ ਕੀਤਾ ਜਾ ਸਕੇ। ਇਸ ਮੌਕੇ ਅਸਿਸਟੈਂਟ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਦੇ ਰਵੀ ਪਾਲ ਦਾਰਾ ਜਾ ਨੇ ਮੋਮੈਂਟੋ ਦੇ ਕੇ ਇਸ ਸਮਾਰੋਹ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲਿਆਂ ਦਾ ਸਵਾਗਤ ਕੀਤਾ। ਯੁਵਕ ਸੇਵਾਵਾਂ ਵਿਭਾਗ ਹੁਸ਼ਿਆਰਪੁਰ ਦੇ ਰਵੀ ਸ਼ਰਮਾ ਵੀ ਇਸ ਮੌਕੇ ਤੇ ਹਾਜ਼ਰ ਸਨ।