ਸੇਵਾ ਕੇਂਦਰਾਂ ਦੀ ਸਭ ਤੋਂ ਘੱਟ ਪੈਂਡੈਂਸੀ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਸੂਬੇ ਵਿੱਚ ਪਹਿਲੇ ਸਥਾਨ ’ਤੇ ਆਇਆ
ਹੁਸ਼ਿਆਰਪੁਰ, 13 ਨਵੰਬਰ: ਸੇਵਾ ਕੇਂਦਰਾਂ ਦੀ ਸਭ ਤੋਂ ਘੱਟ 0.07% ਨਾਲ ਜਿਲ੍ਹਾ ਹੁਸ਼ਿਆਰਪੁਰ ਪੰਜਾਬ ਭਰ ਵਿੱਚੋਂ ਪਹਿਲੇ ਸਥਾਨ ਤੇ ਰਿਹਾ ਹੈ। ਇਸ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ (ਆਈ.ਏ.ਐੱਸ.) ਜੀ ਨੇ ਖੁਸ਼ੀ ਵਿਅਕਤ ਕਰਦੇ ਹੋਏ ਦੱਸਿਆ ਕਿ ਪਿਛਲੇ 1 ਸਾਲ ਦੌਰਾਨ ਜਿਲ੍ਹਾ ਹੁਸ਼ਿਆਰਪੁਰ ਦੇ ਸੇਵਾ ਕੇਂਦਰਾਂ ਵਿੱਚ ਕੁੱਲ 309051 ਅਰਜੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 304020 ਅਰਜੀਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜੋ ਕਿ ਜਿਲ੍ਹਾ ਪ੍ਰਸ਼ਾਸਨ ਦੇ ਨਿਰੰਤਰ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ।
ਇਸ ਤੋਂ ਇਲਾਵਾ ਸੈਂਡ ਬੈਕ ਕੇਸਾਂ ਦੀ ਗਿਣਤੀ ਸਭ ਤੋਂ ਘੱਟ 0.5% ਹੋਣ ਕਾਰਨ ਵੀ ਜਿਲ੍ਹਾ ਹੁਸ਼ਿਆਰਪੁਰ ਸੂਬੇ ਭਰ ਵਿੱਚੋਂ ਮੋਹਰੀ ਰਿਹਾ ਹੈ। ਉਹਨਾਂ ਨੇ ਇਸ ਪ੍ਰਾਪਤੀ ਲਈ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਉਹਨਾਂ ਨੂੰ ਭਵਿੱਖ ਵਿੱਚ ਵੀ ਇਹ ਰਿਕਾਰਡ ਕਾਇਮ ਰੱਖਣ ਲਈ ਹੱਲਾਸ਼ੇਰੀ ਦਿੱਤੀ।
ਜਿਲ੍ਹਾ ਆਈ.ਟੀ. ਮੈਨੇਜਰ ਕਰਮਜੀਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਵਿੱਚ ਸਥਿਤ 28 ਸੇਵਾ ਕੇਂਦਰਾਂ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਕਰੀਬ 433 ਪ੍ਰਕਾਰ ਦੀਆਂ ਸੇਵਾਂਵਾਂ ਉਪਲੱਬਧ ਹਨ, ਜਿਨ੍ਹਾਂ ਦਾ ਨਾਗਰਿਕ ਸਮੇਂ-ਸਮੇਂ ਤੇ ਲਾਭ ਪ੍ਰਾਪਤ ਕਰ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਆਮ ਨਾਗਰਿਕਾਂ ਦੀ ਦਫਤਰੀ ਖੱਜਲ-ਖੁਆਰੀ ਦੂਰ ਕਰਨ ਲਈ ਸਮੇਂ-ਸਮੇਂ ਤੇ ਨਵੀਂਆਂ ਸੇਵਾਵਾਂ ਨੂੰ ਸੇਵਾ ਕੇਂਦਰਾਂ ਦੀ ਸਰਵਿਸ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ, ਮਿੰਨੀ ਸਕੱਤਰੇਤ ਹੁਸ਼ਿਆਰਪੁਰ, ਐਸ.ਡੀ.ਐੱਮ ਦਫਤਰ ਮੁਕੇਰੀਆਂ, ਗੜ੍ਹਸ਼ੰਕਰ ਅਤੇ ਤਹਿਸੀਲ ਕੰਪਲੈਕਸ ਦਸੂਹਾ, ਟਾਂਡਾ ਵਿਖੇ ਸਥਿਤ ਸੇਵਾ ਕੇਂਦਰ ਐਤਵਾਰ ਦੇ ਦਿਨ ਵੀ ਖੋਲੋ ਜਾਂਦੇ ਹਨ।