ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਕੀਤਾ ਆਮ ਆਦਮੀ ਕਲੀਨਿਕ ਜੰਡੋਲੀ ਅਤੇ ਆਮ ਆਦਮੀ ਕਲੀਨਿਕ ਖੜਕਾਂ ਦਾ ਅਚਨਚੇਤ ਦੌਰਾ
ਹੁਸ਼ਿਆਰਪੁਰ 04 ਨਵੰਬਰ 2024 : ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਸ਼ਗੋਤਰਾ ਵੱਲੋਂ ਆਮ ਆਦਮੀ ਕਲੀਨਿਕ ਜਨੌੜੀ ਅਤੇ ਆਮ ਆਦਮੀ ਕਲੀਨਿਕ ਖੜਕਾਂ ਵਿਖੇ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅਚਨਚੇਤ ਦੌਰਾ ਕੀਤਾ ਗਿਆ। ਉਨ੍ਹਾਂ ਦੇ ਨਾਲ ਭੁਪਿੰਦਰ ਸਿੰਘ ਵੀ ਮੌਜੂਦ ਸਨ।
ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਆਮ ਆਦਮੀ ਕਲੀਨਿਕ ਜਨੌੜੀ ਅਤੇ ਖੜਕਾਂ ਵਿਖੇ ਡਿਊਟੀ ਤੇ ਤਾਇਨਾਤ ਸਮੂਹ ਸਟਾਫ ਦੀ ਹਾਜ਼ਰੀ ਚੈਕ ਕੀਤੀ ਅਤੇ ਸਭ ਨੂੰ ਸਮੇਂ ਦੇ ਪਾਬੰਦ ਹੋਣ ਦੀ ਹਿਦਾਇਤ ਕੀਤੀ। ਉਹਨਾਂ ਵੱਲੋਂ ਮਰੀਜ਼ਾਂ ਦਾ ਰਿਕਾਰਡ, ਦਵਾਈਆਂ ਦਾ ਸਟਾਕ ਅਤੇ ਸਾਫ ਸਫਾਈ ਦਾ ਵਿਸ਼ੇਸ਼ ਤੌਰ ਤੇ ਜਾਇਜ਼ਾ ਲਿਆ ਗਿਆ।
ਡਾ ਸ਼ਗੋਤਰਾ ਨੇ ਸਟਾਫ ਨੂੰ ਕੰਮਕਾਜ ਅਤੇ ਮਰੀਜਾਂ ਦਾ ਰਿਕਾਰਡ ਸਹੀ ਢੰਗ ਨਾਲ ਮੇਨਟੇਨ ਰੱਖਣ ਲਈ ਕਿਹਾ। ਉਹਨਾਂ ਫਾਰਮੇਸੀ ਸਟੋਰ ਦਾ ਜਾਇਜਾ ਲੈੰਦੇ ਹੋਏ ਮਰੀਜਾਂ ਲਈ ਜਰੂਰੀ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਆਖਿਆ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਹਰ ਬਣਦੀ ਸਹੂਲਤ ਦਿੱਤੀ ਜਾ ਸਕੇ।
ਉਹਨਾਂ ਉੱਥੇ ਆਏ ਹੋਏ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਸਟਾਫ ਨੂੰ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਲਈ ਨਿਯਮਾਂ ਦਾ ਪਾਲਣ ਕਰਨ ਦੀ ਹਿਦਾਇਤ ਕੀਤੀ ।
ਉਹਨਾਂ ਦੋਵੇਂ ਸਿਹਤ ਸੰਸਥਾਵਾਂ ਵਿਖੇ ਸਟਾਫ਼ ਨੂੰ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ, ਮਰੀਜ਼ਾਂ ਪ੍ਰਤੀ ਪਿਆਰ ਵਾਲਾ ਰਵੱਈਆ ਅਪਨਾਉਣ ਲਈ ਕਿਹਾ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੌਰਾਨ ਸਿਹਤ ਸੰਸਥਾ ਵਿਚ ਆਏ ਮਰੀਜ਼ਾਂ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਹਦਾਇਤ ਕੀਤੀ।