’ਸਵੱਛਤਾ ਦੀ ਲਹਿਰ ’ ਮੁਹਿੰਮ ਤਹਿਤ ਮੁੱਖ ਥਾਵਾਂ ਦੀ ਕੀਤੀ ਸਫ਼ਾਈ ਅਤੇ ਸੁੰਦਰੀਕਰਨ ਦਾ ਕਾਰਜ ਮੁਕੰਮਲ
ਹੁਸ਼ਿਆਰਪੁਰ, 26 ਅਕਤੂਬਰ : ਸਵੱਛ ਭਾਰਤ ਮਿਸ਼ਨ ਤਹਿਤ, ਪੀ.ਐਮ.ਆਈ.ਡੀ.ਸੀ. ਵਲੋਂ ਰਾਜ ਦੇ ਸਾਰੇ ਸ਼ਹਿਰੀ ਸੰਸਥਾਵਾਂ ਵਿਚ ’ਸਵੱਛਤਾ ਦੀ ਲਹਿਰ ’ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ ਸ਼ਹਿਰਾਂ ਨੂੰ ਸਵੱਛ ਅਤੇ ਸੁੰਦਰ ਬਣਾਉਣਾ ਹੈ ਜਿਸ ਤਹਿਤ ਸਾਰੇ ਥਾਵਾਂ ’ਤੇ ਸਫ਼ਾਈ ਅਤੇ ਸੁੰਦਰੀਕਰਨ ਦੀਆਂ ਗਤੀਵਿਧੀਆਂ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਕਰਵਾਈਆਂ ਜਾ ਰਹੀਆਂ ਹਨ।
ਇਸ ਲੜੀ ਵਿਚ ਨਗਰ ਨਿਗਮ ਹੁਸ਼ਿਆਰਪੁਰ ਦੀ ਕਮਿਸ਼ਨਰ ਡਾ. ਅਮਨਦੀਪ ਕੌਰ ਦੇ ਨਿਰਦੇਸ਼ਾਂ ਤਹਿਤ ਸਫ਼ਾਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਸਵੱਛਤਾ ਵਿਭਾਗ ਦੁਆਰਾ ਸ਼ਹਿਰ ਦੇ ਮੁੱਖ ਥਾਵਾਂ ਜਿਵੇਂ ਕਿ ਟੈਗੋਰ ਪਾਰਕ, ਰੋਸ਼ਨ ਗਰਾਉਂਡ ਅਤੇ ਪਿੱਪਲਾਂਵਾਲਾ ਦੀ ਸਫ਼ਾਈ ਕੀਤੀ ਗਈ ਅਤੇ ਇਨ੍ਹਾਂ ਥਾਵਾਂ ਦਾ ਸੁੰਦਰੀਕਰਨ ਕੀਤਾ ਗਿਆ। ਇਸ ਦੇ ਨਾਲ ਹੀ ਆਸ-ਪਾਸ ਦੇ ਨਿਵਾਸੀਆਂ ਨੂੰ ਆਪਣੇ ਹਲਕੇ ਨੂੰ ਸਾਫ਼-ਸੁਥਰਾ ਰੱਖਣ ਅਤੇ ਜਨਤਕ ਥਾਵਾਂ ’ਤੇ ਕਚਰਾ ਨਾ ਸੁੱਟਣ ਦਾ ਸੁਨੇਹਾ ਦਿੱਤਾ ਗਿਆ।
ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੱਤੀ ਕਿ ਇਹ ਸਵੱਛਤਾ ਮੁਹਿੰਮ 24 ਅਕਤੂਬਰ ਤੋਂ 7 ਨਵੰਬਰ 2024 ਤੱਕ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਰੋਜ਼ਾਨਾ ਸਫ਼ਾਈ ਗਤੀਵਿਧੀਆਂ ਦਾ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ ਜਿਸ ਵਿਚ ਸ਼ਹਿਰ ਨੂੰ ਸਵੱਛ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ।
ਕਮਿਸ਼ਨਰ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿੰਮ ਦੀ ਸਫ਼ਲਤਾ ਲਈ ਨਗਰ ਨਿਗਮ ਦਾ ਸਹਿਯੋਗ ਕਰਨ ਅਤੇ ਸ਼ਹਿਰ ਨੂੰ ਸਵੱਛ ਬਣਾਉਣ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਦੇਣ। ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਰਹੇ, ਜਿਨ੍ਹਾਂ ਨੇ ਮੁਹਿੰਮ ਦੌਰਾਨ ਸਫ਼ਾਈ ਪ੍ਰੋਗਰਾਮਾਂ ਵਿਚ ਮੋਹਰੀ ਭੂਮਿਕਾ ਨਿਭਾਈ।