ਜਿਲ੍ਹਾ ਟੀ.ਬੀ. ਅਫਸਰ ਡਾ ਸ਼ਕਤੀ ਸ਼ਰਮਾ ਅਤੇ ਸਿਹਤ ਮਹਿਕਮੇ ਦੇ ਮੁਲਾਜ਼ਮਾਂ ਵਲੋਂ ਟੀ.ਬੀ. ਜਾਗਰੂਤਾ ਕੈਂਪ ਦਾ ਆਯੋਜਨ
ਹੁਸ਼ਿਆਰਪੁਰ 2 ਅਕਤੂਬਰ 2024: ਪ੍ਰਧਾਨ ਮੰਤਰੀ टीਬੀ ਮੁਕਤ ਭਾਰਤ ਅਭਿਆਨ ਤਹਿਤ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲਾ ਟੀਬੀ ਕੰਟਰੋਲ ਅਫਸਰ ਡਾ. ਸ਼ਕਤੀ ਸ਼ਰਮਾ ਵੱਲੋਂ ਸਰਕਾਰੀ ਆਈ.ਟੀ.ਆਈ. ਕੱਚਾ ਟੋਬਾ ਹੁਸ਼ਿਆਰਪੁਰ ਵਿਖੇ ਇੱਕ ਟੀ.ਬੀ. ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਹੋਏ ਇੱਕਠ ਨੂੰ ਡਾ ਸ਼ਕਤੀ ਸ਼ਰਮਾ ਨੇ ਟੀਬੀ ਦੀ ਬਿਮਾਰੀ ਦੇ ਲੱਛਣਾਂ ਅਤੇ ਇਲਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਕੈਂਪ ਦੌਰਾਨ ਸੰਬੋਧਨ ਕਰਦਿਆਂ ਡਾ ਸ਼ਕਤੀ ਸ਼ਰਮਾ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਦੋ ਹਫਤੇ ਤੋਂ ਵੱਧ ਖਾਂਸੀ ਆ ਰਹੀ ਹੋਵੇ, ਭੁੱਖ ਘੱਟ ਲੱਗ ਰਹੀ ਹੋਵੇ, ਭਾਰ ਘੱਟ ਰਿਹਾ ਹੋਵੇ, ਬੁਖਾਰ ਆ ਰਿਹਾ ਹੋਵੇ ਜਾਂ ਉਸਦੀ ਬਲਗਮ ਵਿੱਚ ਖੂਨ ਆ ਰਿਹਾ ਹੋਵੇ ਤਾਂ ਉਸ ਨੂੰ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਆਪਣੀ ਬਲਗਮ ਦਾ ਟੈਸਟ ਜਾਂ ਡਾਕਟਰ ਦੇ ਦੱਸੇ ਅਨੁਸਾਰ ਹੋਰ ਟੈਸਟ ਜਰੂਰ ਕਰਵਾਉਣੇ ਚਾਹੀਦੇ ਹਨ। ਇਹ ਟੈਸਟ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਕੀਤੇ ਜਾਂਦੇ ਹਨ। ਜੇਕਰ ਕਿਸੇ ਨੂੰ ਟੀਬੀ ਦੀ ਬਿਮਾਰੀ ਨਿਕਲਦੀ ਹੈ ਤਾਂ ਉਸ ਦਾ ਸਾਰਾ ਇਲਾਜ ਮੁਫਤ ਕੀਤਾ ਜਾਵੇਗਾ।
ਡਾ. ਸ਼ਕਤੀ ਸ਼ਰਮਾ ਨੇ ਦੱਸਿਆ ਕਿ ਟੀ.ਬੀ. ਦੇ ਮਰੀਜ਼ ਨੂੰ ਦਵਾਈ ਦੇ ਨਾਲ-ਨਾਲ ਹਰ ਮਹੀਨੇ ਉਸਦੇ ਖਾਤੇ ਵਿੱਚ ਸਰਕਾਰ ਵੱਲੋਂ 500/- ਰੁਪਏ
ਖੁਰਾਕ ਵਾਸਤੇ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਇਹ ਇੱਕ ਛੂਤ ਦੀ ਬਿਮਾਰੀ ਹੈ ਅਤੇ ਇੱਕ ਤੋਂ ਦੂਜੇ ਨੂੰ ਹੋ ਜਾਂਦੀ ਹੈ। ਇਸ ਕਰਕੇ ਸਾਨੂੰ ਸਭ ਨੂੰ ਇਸਦੀ ਜਾਂਚ ਅਤੇ ਇਲਾਜ ਸਮੇਂ ਸਿਰ ਕਰਵਾ ਲੈਣਾ ਚਾਹੀਦਾ ਹੈ। ਇਸ ਮੌਕੇ ਐਸਟੀਐਸ ਕੁਲਦੀਪ ਸਿੰਘ, ਸ੍ਰੀ ਹਰੀਵੰਸ਼ ਮਹਿਤਾ ਅਤੇ ਆਈ.ਟੀ.ਆਈ ਦਾ ਸਮੂਹ ਸਟਾਫ ਹਾਜ਼ਰ ਸੀ।