ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਗੜ੍ਹਸ਼ੰਕਰ ਵਿਖੇ ਚੈਕਿੰਗ ਅਭਿਆਨ
ਹੁਸ਼ਿਆਰਪੁਰ 2 ਸਤੰਬਰ 2024: ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਸਿਹਤ ਅਫ਼ਸਰ ਡਾ ਜਤਿੰਦਰ ਭਾਟੀਆ ਦੀ ਅਗਵਾਈ ਤਹਿਤ ਫੂਡ ਸੇਫਟੀ ਟੀਮ ਵਲੋਂ ਗੜ੍ਹਸ਼ੰਕਰ ਸ਼ਹਿਰ ਵਿੱਚ ਅਚਨਚੇਤ ਚੈਕਿੰਗ ਅਭਿਆਨ ਚਲਾਇਆ ਗਿਆ।
ਇਸ ਤਹਿਤ ਕਰਿਆਨੇ ਦੀਆਂ ਦੁਕਾਨਾਂ ਹਲਵਾਈਆਂ ਦੀਆਂ ਦੁਕਾਨਾਂ ਅਤੇ ਵਰਕਸ਼ਾਪਾਂ ਚੈੱਕ ਕੀਤੀਆਂ ਗਈਆਂ, ਜਿਸ ਵਿੱਚ ਪਨੀਰ, ਮੱਖਣ ਆਦਿ ਦੇ 3 ਸੈਂਪਲ ਭਰੇ ਗਏ ਅਤੇ ਭੋਜਨ ਦੀ ਸਾਫ ਸਫਾਈ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲਿਆਂ ਦੇ 2 ਚਾਲਾਨ ਵੀ ਕੱਟੇ ਗਏ। ਫੂਡ ਸੇਫਟੀ ਟੀਮ ਵਿੱਚ ਸ਼ਾਮਿਲ ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ, ਮਨੀਸ਼ ਸੋਢੀ ਤੇ ਅਭਿਨਵ ਕੁਮਾਰ ਅਤੇ ਟੀਮ ਦੇ ਹੋਰ ਮੈਂਬਰ ਸ਼ਾਮਿਲ ਸਨ।
ਇਸ ਦੌਰਾਨ ਹਲਵਾਈਆਂ ਨੂੰ ਸਾਫ ਸਫ਼ਾਈ ਰੱਖਣ, ਏਪਰਨ, ਕੈਪ ਅਤੇ ਦਸਤਾਨੇ ਪਾਉਣ, ਵਰਕਰਾਂ ਦਾ ਮੈਡੀਕਲ ਕਰਵਾਉਣ, fssai ਦੁਆਰਾ ਪ੍ਰਵਾਨਿਤ ਰੰਗਾਂ ਦੀ ਵਰਤੋਂ ਕਰਨ ਦੀਆਂ ਹਿਦਾਇਤਾਂ ਕੀਤੀਆਂ ਗਈਆਂ। ਸਭ ਨੂੰ ਇਹ ਵੀ ਹਿਦਾਇਤ ਕੀਤੀ ਗਈ ਕਿ ਦੁੱਧ, ਦਹੀਂ, ਖੋਆ ਅਤੇ ਪਨੀਰ ਚੰਗੀ ਕੁਆਲਿਟੀ ਦਾ ਵਰਤਿਆ ਜਾਵੇ। ਜੇਕਰ ਕੋਈ ਵੀ ਦੁਕਾਨਦਾਰ ਫੂਡ ਸੇਫਟੀ ਐਕਟ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਫੂਡ ਸੇਫਟੀ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ।
ਫੂਡ ਸੇਫਟੀ ਟੀਮ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਤਹਿਤ ਹਰੇਕ ਭੋਜਨ ਵਿਕਰੇਤਾ, ਕਰਿਆਨੇ, ਦੁੱਧ ਵੇਚਣ ਵਾਲੇ, ਹਲਵਾਈ, ਡੇਅਰੀ ਮਾਲਕ ਅਤੇ ਰੇਹੜੀ ਵਿਕਰੇਤਾ ਲਈ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਲੈਣਾ ਬਹੁਤ ਜ਼ਰੂਰੀ ਹੈ।